ਹਰਜੋਤ ਬੈਂਸ ਵੱਲੋਂ ਡੈਪੂਟੇਸ਼ਨ 'ਤੇ ਗਏ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਾਪਸ ਆਉਣ ਦੇ ਹੁਕਮ
ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ ਦੇ ਡੈਪੂਟੇਸ਼ਨ ਉਤੇ ਗਏ ਅਧਿਆਪਕਾਂ ਦੀ ਹੁਣ ਸ਼ਾਮਤ ਆ ਗਈ ਹੈ। ਪਿਛਲੇ ਕਈ ਸਾਲਾਂ ਤੋਂ ਸਕੂਲਾਂ ਨੂੰ ਛੱਡ ਕੇ ਵੱਖ-ਵੱਖ ਵਿਭਾਗਾਂ ਵਿਚ ਡੈਪੂਟੇਸ਼ਨ ਉਤੇ ਗਏ ਅਧਿਆਪਕਾਂ ਦੀ ਸਿੱਖਿਆ ਮੰਤਰੀ ਨੇ ਸੂਚੀ ਤਲਬ ਕੀਤੀ ਹੈ। ਇਸ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ 'ਸਰਕਾਰੀ ਸਹੂਲਤ' ਦਾ ਆਨੰਦ ਮਾਣ ਰਹੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਉਤੇ ਭਵਿੱਖ ਵਿਚ ਵੱਡੀ ਕਾਰਵਾਈ ਹੋ ਸਕਦੀ ਹੈ। ਪੰਜਾਬ ਵਿਚ ਸਿੱਖਿਆ ਦੇ ਪੱਧਰ ਨੂੰ ਸੁਧਾਰਨ ਲਈ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਧਿਆਪਕਾਂ ਨੂੰ ਵਾਪਸ ਸਕੂਲਾਂ ਵਿਚ ਭੇਜਣ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਹਰਜੋਤ ਬੈਂਸ ਨੇ ਜਾਣਕਾਰੀ ਮੰਗੀ ਹੈ ਕਿ ਕਿਸ ਦੇ ਹੁਕਮਾਂ ਨਾਲ ਅਧਿਆਪਕਾਂ ਨੂੰ ਵੱਖ-ਵੱਖ ਵਿਭਾਗਾਂ ਵਿਚ ਭੇਜਿਆ ਗਿਆ ਤੇ ਕਿੰਨੇ ਸਾਲਾਂ ਤੋਂ ਸਕੂਲਾਂ 'ਚ ਕੰਮ ਨਹੀਂ ਕਰ ਰਹੇ। ਸਿੱਖਿਆ ਮੰਤਰੀ ਨੇ ਡੈਪੂਟੇਸ਼ਨ ਉਤੇ ਗਏ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਸਕੂਲਾਂ ਵਿਚ ਭੇਜਣ ਦੇ ਹੁਕਮ ਦਿੱਤੇ ਗਏ ਹਨ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਜ਼ਿਲ੍ਹਾ ਸਿੱਖਿਆ ਮੁਲਾਂਕਣ ਤੇ ਸੁਧਾਰ ਟੀਮਾਂ ਦੀ ਬਣਤਰ ਨੂੰ ਸੁਧਾਰਨ ਲਈ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਹੁਕਮ ਦਿੱਤੇ ਗਏ ਸਨ। ਬੈਂਸ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੂਬੇ ਦੇ ਹਰੇਕ ਜ਼ਿਲ੍ਹੇ 'ਚ ਸਥਿਤ ਸਾਰੇ ਸਕੂਲਾਂ ਦਾ ਸੁਧਾਰ ਕਰਨ ਲਈ ਮੁਲਾਂਕਣ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਇਕਤਰਫਾ ਪ੍ਰੇਮ ਸਬੰਧਾਂ ਦੇ ਚਲਦਿਆਂ ਕੁੜੀ ਦਾ ਕਤਲ, ਮੁਲਜ਼ਮ ਗ੍ਰਿਫ਼ਤਾਰ
ਇਸ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਤੇ ਬਿਹਤਰ ਬਣਾਉਣ ਦੇ ਮਕਸਦ ਨਾਲ ਹੁਣ ਹਰੇਕ ਜ਼ਿਲ੍ਹਾ ਇਸ ਟੀਮ ਲਈ ਇੱਕ ਦੀ ਥਾਂ ਤਿੰਨ ਮੈਂਬਰਾਂ ਦੇ ਨਾਵਾਂ ਦੀ ਤਜਵੀਜ਼ ਭੇਜੇਗਾ। ਇਸ ਤੋਂ ਇਲਾਵਾ ਇਸ ਕਮੇਟੀ ਦਾ ਇੰਚਾਰਜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਾਂ ਪ੍ਰਿੰਸੀਪਲ ਨੂੰ ਵੀ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਜ਼ਿਲ੍ਹਾ ਦਫ਼ਤਰ ਵੱਲੋਂ ਪ੍ਰਸਤਾਵ ਕੀਤੇ ਗਏ ਤਿੰਨ ਨਾਵਾਂ ਵਿੱਚੋਂ ਇਕ ਯੋਗ ਮੈਂਬਰ ਦੀ ਚੋਣ ਕੀਤੀ ਜਾਵੇਗੀ।
ਰਿਪੋਰਟ-ਰਵਿੰਦਰ ਮੀਤ
- PTC NEWS