ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ 'ਤੇ ਵਿਸ਼ੇਸ਼
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥
ਬਾਣੀ ਨਿਰੰਕਾਰ ਦਾ ਰੂਪ ਹੈ। ਸਿੱਖ ਧਰਮ ਅੰਦਰ ਗੁਰੂ ਸਾਹਿਬ ਨੇ ਗੁਰਬਾਣੀ ਨੂੰ ਬਹੁਤ ਪਿਆਰਿਆ, ਸਤਿਕਾਰਿਆ ਅਤੇ ਆਪਣੀ ਜੀਵਨ ਹਯਾਤੀ ਅੰਦਰ ਪ੍ਰਚਾਰਿਆ। ਗੁਰੂ ਸਾਹਿਬ ਨੇ ਇਸ ਸੰਸਾਰ ਵਿੱਚ ਆਪਣੀ ਸਰੀਰਕ ਹੋਂਦ ਸਮੇਂ ਹੀ ਗੁਰਬਾਣੀ ਨੂੰ ਆਪਣੇ ਗੁਰਸਿੱਖਾਂ ਵਿੱਚ ਗੁਰੂ ਰੂਪ ਵਿੱਚ ਪ੍ਰਚਾਰਿਆ ਅਤੇ ਸਮੇਂ-2 ’ਤੇ ਗੁਰਸਿੱਖਾਂ ਵਿੱਚ ਗੁਰਬਾਣੀ ਦਾ ਸਤਿਕਾਰ ਪੈਦਾ ਕਰਨ ਲਈ ਵਿਵਹਾਰਕ ਪੂਰਨੇ ਪਾਏ।
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡ ਅਵਰੁ ਨਾ ਕੋਇ॥
ਦੇ ਫੁਰਮਾਨ ਰਾਹੀਂ ਜਿਥੇ ਗੁਰੂ ਸਾਹਿਬ ਨੇ ਗੁਰਬਾਣੀ ਨੂੰ ਨਿਰੰਕਾਰ ਦਾ ਰੂਪ ਦੱਸਿਆ, ਉਥੇ ਨਾਲ ਦੀ ਨਾਲ ਇਸ ਗੁਰਬਾਣੀ ਦੀ ਸਾਂਭ-ਸੰਭਾਲ, ਸ਼ੁੱਧ ਸਰੂਪ ਅਤੇ ਕੱਚੀ ਬਾਣੀ ਦੇ ਰਲੇਵੇਂ ਤੋਂ ਬਚਾਉਣ ਲਈ ਵੀ ਬੜਾ ਵਿਧੀਵੱਤ ਕਾਰਜ ਕੀਤਾ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਗੁਰਬਾਣੀ ਨੂੰ ਪੋਥੀਆਂ ਵਿੱਚ ਲਿਖ ਕੇ ਰੱਖਣ ਦੀ ਕਵਾਇਦ ਸ਼ੁਰੂ ਹੋ ਗਈ ਸੀ। ਹਰ ਗੁਰੂ ਸਾਹਿਬ ਆਪਣੇ ਤੋਂ ਅਗਲੇ ਵਾਰਸ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪਣ ਸਮੇਂ ਗੁਰਬਾਣੀ ਦੀਆਂ ਪੋਥੀਆਂ ਵੀ ਸੌਂਪ ਦਿਆ ਕਰਦੇ ਸਨ। ਇਸ ਪ੍ਰੰਪਰਾ ਤਹਿਤ ਜਦੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਤਾਂ ਗੁਰੂ ਸਾਹਿਬ ਜੀ ਨੇ ਵੱਖ-ਵੱਖ ਪੋਥੀਆਂ ਵਿੱਚ ਦਰਜ ਬਾਣੀ ਨੂੰ ਇੱਕ ਥਾਂ ਇੱਕਠਾ ਕਰਨ ਦਾ ਮਹਾਨ ਕਾਰਜ ਕੀਤਾ।
ਧਰਮ ਗ੍ਰੰਥ, ਧਰਮ ਦਾ ਕੇਂਦਰੀ ਸਰੋਕਾਰ ਅਤੇ ਧਰਮ ਦੇ ਸਿਧਾਤਾਂ ਦੀ ਜਿੰਦ ਜਾਨ ਹੁੰਦਾ ਹੈ। ਧਰਮ ਗ੍ਰੰਥ ਅਸਲ ਵਿਚ ਧਰਮ ਦੇ ਬਾਨੀਆਂ ਦੇ ਰੱਬੀ ਬੋਲਾਂ ਦਾ ਖਜ਼ਾਨਾ ਹੁੰਦੇ ਹਨ। ਜਿਹੜੀਆਂ ਕੌਮਾਂ ਜਾਂ ਧਰਮ ਆਪਣੇ ਧਰਮ ਗ੍ਰੰਥ ਦੇ ਮਹੱਤਵ ਦੇ ਰਹੱਸ ਨੂੰ ਸਮਝਣ ਦੇ ਸਮਰੱਥ ਹੁੰਦੀਆਂ ਹਨ, ਓਹ ਹਮੇਸ਼ਾਂ ਹਮੇਸ਼ਾਂ ਲਈ ਅਮਰ ਹੋ ਜਾਦੀਆਂ ਹਨ। ਜਦੋਂ ਧਰਮ ਗ੍ਰੰਥ ਦੇ ਸਮੁੱਚੇ ਇਤਿਹਾਸ ਵੱਲ ਨਿਗਾਹ ਮਾਰਦੇ ਹਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਦੇ ਅਣਗਿਣਤ ਝਲਕਾਰੇ ਸਾਡੇ ਸਾਹਮਣੇ ਨਜ਼ਰ ਆਉਂਦੇ ਹਨ, ਕਿਉਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਇੱਕੋ ਇੱਕ ਐਸੇ ਧਰਮ ਗ੍ਰੰਥ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਆਪ ਤਿਆਰ ਕਰਵਾਇਆ ਅਤੇ ਫਿਰ ਆਪ ਹੀ ਗੁਰਤਾ ਗੱਦੀ ਵੀ ਬਖਸ਼ਿਸ਼ ਕੀਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੂਲ ਰੂਪ ਵਿਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂਅਰਜਨ ਦੇਵ ਜੀ ਨੇ ਸੰਨ 1604 ਈ ਵਿਚ ਸੰਪਾਦਿਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ ਗੁਰਸਿਖਾਂ ਦੀ ਬਾਣੀ ਦਰਜ ਹੈ।
ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 102 ਸਾਲ ਬਾਅਦ ਸ਼੍ਰੀ ਆਦਿ ਗੰਥ ਸਾਹਿਬ ਜੀ ਦੀ ਬੀੜ ਭਾਈ ਮਨੀ ਸਿੰਘ ਜੀ ਪਾਸੋਂ ਦੁਬਾਰਾ ਤਿਆਰ ਕਰਵਾਈ ਅਤੇ ਇਸ ਦੇ ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਸ਼ਾਮਿਲ ਕਰ ਦਿੱਤਾ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ
ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥
ਨੂੰ ਅਮਲੀ ਤੌਰ ’ਤੇ ਪ੍ਰਤੱਖ ਕਰਦੇ ਹੋਏ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਾਰੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾਇਆ ਤੇ ਫੁਰਮਾਨ ਕੀਤਾ
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਆਉ, ਜਿਥੇ ਅਸੀਂ ਸਭ ਰੋਜ਼ਾਨਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵੇਰੇ ਸ਼ਾਮ ਦੀਦਾਰ ਕਰਦੇ ਹਾਂ, ਮੱਥਾ ਟੇਕਦੇ ਹਾਂ, ੳਥੇ ਨਾਲ ਹੀ ਆਪਾ ਪਾਵਨ ਸਿਧਾਤਾਂ ਨੂੰ ਹਿਰਦੇ ਦਾ ਸ਼ਿੰਗਾਰ ਬਣਾਉਂਦੇ ਹੋਏ ਆਪ ਅਤੇ ਆਪਣੇ ਬੱਚਿਆਂ ਨੂੰ ਨਿਰੰਤਰ ਗੁਰਬਾਣੀ ਨਾਲ ਜੋੜੀਏ। ਰੋਜ਼ਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰੀਏ।
ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥
- PTC NEWS