Dera chief Gurmeet Ram Rahim : ਪੈਰੋਲ ਖ਼ਤਮ ਹੋਣ ਪਿੱਛੋਂ ਡੇਰਾਮੁਖੀ ਗੁਰਮੀਤ ਰਾਮ ਰਹੀਮ ਅੱਜ ਸੁਨਾਰੀਆ ਜੇਲ੍ਹ ਪੁੱਜੇਗਾ
ਰੋਹਤਕ : ਸਾਧਵੀਆਂ ਦੇ ਜਿਨਸੀ ਸ਼ੋਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ 40 ਦਿਨਾਂ ਬਾਅਦ ਸ਼ੁੱਕਰਵਾਰ ਨੂੰ ਫਿਰ ਤੋਂ ਸੁਨਾਰੀਆ ਜੇਲ੍ਹ ਪੁੱਜੇਗਾ। ਉਹ ਪੈਰੋਲ ਉਤੇ ਜੇਲ੍ਹ ਤੋਂ ਰਿਹਾਅ ਹੋਇਆ ਸੀ। ਉਹ ਬਾਗਪਤ 'ਚ ਪੈਰੋਲ ਪੂਰੀ ਕਰ ਚੁੱਕਾ ਹੈ। ਵੀਰਵਾਰ ਨੂੰ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਲਿਆਉਣ ਦੀਆਂ ਚਰਚਾਵਾਂ ਗਰਮ ਸਨ।
ਸ਼ਾਮ ਨੂੰ ਰਾਮ ਰਹੀਮ ਦੇ ਬਾਗਪਤ 'ਚ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ। ਚਰਚਾ ਹੈ ਕਿ ਗੁਰਮੀਤ ਰਾਮ ਰਹੀਮ ਸਵੇਰੇ ਬਾਗਪਤ ਤੋਂ ਰਵਾਨਾ ਹੋਵੇਗਾ ਅਤੇ ਸਵੇਰੇ 10 ਤੋਂ 11 ਵਜੇ ਦੇ ਵਿਚਕਾਰ ਸੁਨਾਰੀਆ ਜੇਲ੍ਹ ਪਹੁੰਚਣ ਦੀ ਸੰਭਾਵਨਾ ਹੈ। 40 ਦਿਨਾਂ ਦੀ ਪੈਰੋਲ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਲਿਆਂਦਾ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਪ੍ਰਸ਼ਾਸਨ ਤੇ ਜੇਲ੍ਹ ਪ੍ਰਸ਼ਾਸਨ ਚੌਕਸ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ।
ਪੈਰੋਲ ਦਾ ਹੋਇਆ ਸੀ ਤਿੱਖਾ ਵਿਰੋਧ
ਜੇਲ੍ਹ ਵਿਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਦਿੱਤੀ ਗਈ ਪੈਰੋਲ ਦਾ ਵੱਡੇ ਪੱਧਰ ਉਤੇ ਵਿਰੋਧ ਹੋਇਆ ਸੀ। ਗੁਰਮੀਤ ਰਾਮ ਰਹੀਮ ਨੇ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ 'ਚ ਭੰਡਾਰਾ ਅਤੇ ਸਤਿਸੰਗ 'ਚ ਸ਼ਾਮਲ ਹੋਣ ਲਈ ਜੇਲ ਪ੍ਰਸ਼ਾਸਨ ਨੂੰ 40 ਦਿਨਾਂ ਦੀ ਪੈਰੋਲ ਲਈ ਅਰਜ਼ੀ ਭੇਜੀ ਸੀ। ਜਿਸ ਤੋਂ ਬਾਅਦ ਮਨਜ਼ੂਰੀ ਮਿਲਣ ਤੋਂ ਬਾਅਦ ਡੇਰਾ ਮੁਖੀ ਨੂੰ ਪੈਰੋਲ ਮਿਲ ਗਈ ਸੀ ਪਰ ਕਈ ਵਿਰੋਧੀ ਪਾਰਟੀਆਂ ਅਤੇ ਸੰਗਠਨਾਂ ਨੇ ਡੇਰਾ ਮੁਖੀ ਦੀ ਪੈਰੋਲ ਦਾ ਸਖ਼ਤ ਵਿਰੋਧ ਕੀਤਾ ਸੀ। ਅਕਤੂਬਰ 2022 ਵਿੱਚ ਵੀ ਡੇਰਾ ਮੁਖੀ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ।
ਕਿਰਪਾਨ ਨਾਲ ਕੇਕ ਕੱਟਣ ਨੂੰ ਲੈ ਕੇ ਹੋਇਆ ਵਿਵਾਦ
ਜਦੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਨ 'ਤੇ ਕਿਰਪਾਨ ਨਾਲ ਕੇਕ ਕੱਟਿਆ ਤਾਂ ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਜਿਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਗੁਰਮੀਤ ਰਾਮ ਰਹੀਮ ਨੇ ਕਿਰਪਾਨ ਨਾਲ ਕੇਕ ਕੱਟ ਕੇ ਉਨ੍ਹਾਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ। ਕਿਰਪਾਨ ਨੂੰ ਸ੍ਰੀ ਸਾਹਿਬ ਸਿੱਖਾਂ ਦੀ ਆਸਥਾ ਨਾਲ ਜੁੜਿਆ ਧਾਰਮਿਕ ਚਿੰਨ੍ਹ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : Punjab Budget Session : ਪੰਜਾਬ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ, ਰਾਜਪਾਲ ਦੇ ਭਾਸ਼ਣ ਨਾਲ ਸੈਸ਼ਨ ਦੀ ਕਾਰਵਾਈ ਹੋਵੇਗੀ ਸ਼ੁਰੂ
SGPC ਨੇ ਪੈਰੋਲ ਖਿਲਾਫ਼ ਪਟੀਸ਼ਨ ਦਾਇਰ ਕੀਤੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਵਿਰੁੱਧ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ 'ਚ ਕਿਹਾ ਗਿਆ ਸੀ ਕਿ ਡੇਰਾ ਮੁਖੀ ਪੈਰੋਲ 'ਤੇ ਬਾਹਰ ਆ ਕੇ ਸਿੱਖਾਂ ਦੀ ਆਸਥਾ ਨੂੰ ਭੜਕਾ ਰਿਹਾ ਹੈ। ਉਸ ਨੂੰ ਇਕ ਸਾਲ 'ਚ ਚਾਰ ਵਾਰ ਪੈਰੋਲ ਦਿੱਤੀ ਜਾ ਚੁੱਕੀ ਹੈ। ਜਦੋਂ ਕਿ ਸਿੱਖ ਕੈਦੀ ਵੱਲੋਂ ਇਕ ਵਾਰ ਪੈਰੋਲ ਲੈਣ ਤੋਂ ਬਾਅਦ ਜਦੋਂ ਦੂਜੀ ਵਾਰ ਪੈਰੋਲ ਲਈ ਅਰਜ਼ੀ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਇਨਕਾਰ ਕਰ ਦਿੱਤਾ ਜਾਂਦਾ ਹੈ।
- PTC NEWS