ਗੁਰਦੁਆਰਾ ਬੋਰਡ ਨਾਂਦੇੜ ਨੂੰ GST ਸੰਬੰਧੀ ਦਰਪੇਸ਼ ਸਮੱਸਿਆਵਾਂ ਜਲਦ ਹੱਲ ਹੋਣਗੀਆਂ : ਡਾ. ਵਿਜੇ ਸਤਬੀਰ ਸਿੰਘ
Gurdwara Sachkhand Board Nanded - ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ (Dr. Vijay Satbir Singh) ਸਾਬਕਾ ਆਈ.ਏ.ਐਸ. ਨੇ ਪਿਛਲੇ ਦਿਨੀਂ ਮਿਸ ਰੰਜਨਾ ਚੋਪੜਾ ਐਡੀਸ਼ਨਲ ਸਕੱਤਰ ਅਤੇ ਵਿੱਤ ਸਲਾਹਕਾਰ ਸੱਭਿਆਚਾਰ ਮੰਤਰਾਲੇ ਕੇਂਦਰ ਸਰਕਾਰ ਨਾਲ ਮੁਲਾਕਾਤ ਕਰਕੇ ਗੁਰਦੁਆਰਾ ਬੋਰਡ ਨੂੰ ਜੀ.ਐਸ.ਟੀ. ਵਾਪਸ ਮਿਲਣ ਬਾਰੇ ਅਤੇ ਪੋਰਟਲ ਦੀਆਂ ਤਕਨੀਕੀ ਸਮੱਸਿਆਵਾਂ ਸੰਬੰਧੀ ਜਾਣੂੰ ਕਰਵਾਇਆ।
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਦੁਨੀਆਂ ਭਰ ਤੋਂ ਵੱਖ ਵੱਖ ਧਰਮਾਂ ਤੇ ਜਾਤੀਆਂ ਦੇ ਲੋਕ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਪੁੱਜਦੇ ਹਨ, ਜਿਨ੍ਹਾਂ ਨੂੰ ਬਿਨਾ ਭੇਦ ਭਾਵ ਦੇ ਲੰਗਰ ਦੀ ਸੁਵਿਧਾ ਫ੍ਰੀ ਮੁਹੱਈਆ ਕਰਵਾਈ ਜਾਂਦੀ ਹੈ, ਜੋ ਕਿ ਭਾਈਚਾਰਕ ਸਾਂਝ ਦੀ ਇੱਕ ਸਭ ਤੋਂ ਵੱਡੀ ਜ਼ਾਹਰਾ ਮਿਸਾਲ ਹੈ। ਸੋ ਇਸ ਕਰਕੇ ਲੰਗਰ ਨੂੰ ਲੱਗਣ ਵਾਲੀਆਂ ਲੋੜੀਂਦੀਆਂ ਜ਼ਰੂਰੀ ਵਸਤੂਆਂ ਨੂੰ GST ਤੋਂ ਮੁਕਤ ਕੀਤਾ ਜਾਵੇ।
ਇਸ ਸੰਬੰਧੀ ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਇਹ ਮੀਟਿੰਗ ਬੜੇ ਇੱਕ ਚੰਗੇ ਮਹੌਲ ਵਿੱਚ ਹੋਈ, ਜਿਸਦੇ ਬੜੇ ਸਾਰਥਿਕ ਨਤੀਜੇ ਬਹੁਤ ਜਲਦ ਦੇਖਣ ਨੂੰ ਮਿਲਣਗੇ। ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਭਰੋਸਾ ਦਿੱਤਾ ਹੈ ਕਿ ਗੁਰਦੁਆਰਾ ਬੋਰਡ ਦੀਆਂ ਜੀ. ਐਸ. ਟੀ. ਸੰਬੰਧਤ ਚਲ ਰਹੀਆਂ ਸਮੱਸਿਆਵਾਂ ਦੀ ਜਲਦ ਤੋਂ ਜਲਦ ਪੂਰਤੀ ਕੀਤੀ ਜਾਵੇਗੀ। ਉਨ੍ਹਾਂ ਸਮੁੱਚੀ ਕੇਂਦਰੀ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਮੁੱਖ ਮੰਤਰੀ ਮਹਾਰਾਸ਼ਟਰ ਦੇਵਿੰਦਰ ਫੜਨਵੀਸ ਦਾ ਧੰਨਵਾਦ ਕੀਤਾ, ਜੋ ਕਿ ਗੁਰੂ ਘਰ ਦੇ ਹਰ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਵਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ।
- PTC NEWS