Gurdaspur Civil Hospital : ਰਾਜਿੰਦਰਾ ਹਸਪਤਾਲ ਤੋਂ ਬਾਅਦ ਗੁਰਦਾਸਪੁਰ 'ਚ ਹਾਹਾਕਾਰ, ਸਵਾ ਘੰਟਾ ਠੰਡੀਆਂ ਮਸ਼ੀਨਾਂ 'ਚ ਪਏ ਰਹੇ ਨਵਜੰਮੇ ਬੱਚੇ
Civil Hospital Power Outage : ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਬਿਜਲੀ ਬੰਦ ਹੋਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਹੁਣ ਪੰਜਾਬ ਦੇ ਇੱਕ ਹੋਰ ਹਸਪਤਾਲ 'ਚ ਸਵਾ ਘੰਟਾ ਬਿਜਲੀ ਬੰਦ ਰਹਿਣ ਦੀ ਖ਼ਬਰ ਸਾਹਮਣੇ ਆਈ ਹੈ। ਗੁਰਦਾਸਪੁਰ ਦੇ ਸਰਕਾਰੀ ਹਸਪਤਾਲ 'ਚ ਸਵਾ ਘੰਟਾ ਬਿਜਲੀ ਬੰਦ ਰਹੀ, ਜਿਸ ਕਾਰਨ ਮਰੀਜ਼ਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਾਪਿਆਂ ਨੇ ਕਿਹਾ ਕਿ ਬਿਜਲੀ ਬੰਦ ਹੋਣ ਕਾਰਨ ਉਨ੍ਹਾਂ ਦੇ ਨਵਜੰਮੇ ਬੱਚਿਆਂ ਨੂੰ ਮਸ਼ੀਨਾਂ ਬੰਦ ਹੋਣ ਕਾਰਨ ਠੰਡ 'ਚ ਪਿਆ, ਜਿਸ ਕਾਰਨ ਕੋਈ ਵੀ ਅਣਹੋਣੀ ਵਾਪਰ ਸਕਦੀ ਸੀ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਬਿਜਲੀ ਦੀ ਨਾਕਸ ਸਪਲਾਈ ਦੇ ਵੱਡੇ-ਵੱਡੇ ਦਾਅਵੇ ਉਦੋਂ ਹਵਾ ਹੋ ਗਏ, ਜਦੋਂ ਸ਼ਹਿਰ ਦੇ ਮੁੱਖ ਸਿਵਲ ਹਸਪਤਾਲ ਵਿੱਚ ਦੇਰ ਸ਼ਾਮ ਬਿਜਲੀ ਗੁੱਲ ਹੋ ਗਈ ਅਤੇ ਲਗਭਗ ਸਵਾ ਘੰਟਾ ਮਰੀਜ਼ ਤੇ ਸਟਾਫ਼ ਹਨ੍ਹੇਰੇ 'ਚ ਘੁੰਮਦਾ ਰਿਹਾ।
ਲਾਈਟ ਨਾ ਆਉਣ ਕਾਰਨ ਇਸ ਸਮੇਂ ਦੌਰਾਨ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਉਨ੍ਹਾਂ ਦੇ ਨਵਜੰਮੇ ਬੱਚੇ ਵੀ ਮਸ਼ੀਨਾਂ ਬੰਦ ਹੋਣ ਕਾਰਨ ਠੰਡ ਵਿੱਚ ਨਗਨ ਪਏ ਰਹੇ। ਇਸਤੋਂ ਇਲਾਵਾ ਅਪ੍ਰੇਸ਼ਨ ਥੀਏਟਰ ਦੀ ਬੱਤੀ ਵੀ ਗੁੱਲ ਰਹੀ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਰੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ ਹੈ, ਉੱਥੇ ਹੀ ਮਰੀਜਾਂ ਦੇ ਰਿਸ਼ਤੇਦਾਰਾਂ ਵੱਲੋਂ ਬਿਜਲੀ ਗੁੱਲ ਰਹਿਣ ਕਾਰਨ ਰੋਸ਼ ਵੇਖਣ ਨੂੰ ਮਿਲਿਆ। ਖਾਸ ਕਰ ਨਵੇਂ ਜਨਮੇ ਬੱਚਿਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਜੇਕਰ ਹਸਪਤਾਲ ਵਿੱਚ ਹੋਟਲਾਈਨ ਦੀ ਵਿਵਸਥਾ ਨਹੀਂ ਕੀਤੀ ਜਾ ਸਕਦੀ ਤਾਂ ਘੱਟੋ-ਘੱਟ ਇਨਵਰਟਰ ਦੀ ਵਿਵਸਥਾ ਤਾਂ ਹੋਣੀ ਚਾਹੀਦੀ ਹੈ।
ਪਹਿਲਾਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾ ਸਾਹਮਣੇ ਆ ਚੁੱਕਾ ਹੈ ਮਾਮਲਾ
ਉਧਰ, ਬਿਜਲੀ ਬੰਦ ਹੋਣ ਦੀ ਘਟਨਾ ਨੂੰ ਲੈ ਕੇ ਸਿਵਲ ਹਸਪਤਾਲ ਦਾ ਕੋਈ ਵੀ ਅਧਿਕਾਰੀ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਵੀ ਉਦੋਂ ਅਚਾਨਕ ਬਿਜਲੀ ਬੰਦ ਹੋ ਗਈ ਸੀ, ਜਦੋਂ ਡਾਕਟਰ, ਇੱਕ ਮਰੀਜ਼ ਦਾ ਆਪ੍ਰੇਸ਼ਨ ਕਰ ਰਹੇ ਸਨ। ਇਸ ਦੌਰਾਨ ਵੈਂਟੀਲੇਟਰ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਦੀ ਗੁੱਸੇ ਵਿੱਚ ਆਏ ਸਟਾਫ ਨੇ ਇਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਸੀ।
ਹਾਲਾਂਕਿ, ਮਾਮਲੇ ਵਿੱਚ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਨੇ ਕਿਹਾ ਸਪੀ ਕਿ ਉਨ੍ਹਾਂ ਨੂੰ ਇਸ ਬਾਰੇ ਹੁਣੇ ਪਤਾ ਲੱਗਾ ਹੈ। ਜੇਕਰ ਅਜਿਹੀ ਸਥਿਤੀ ਪੈਦਾ ਹੋਈ ਹੈ ਤਾਂ ਇਸਦਾ ਹੱਲ ਕੱਢਿਆ ਜਾਵੇਗਾ। ਸਾਡੀ ਕੋਸ਼ਿਸ਼ ਹੋਵੇਗੀ ਕਿ ਭਵਿੱਖ ਵਿੱਚ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
- PTC NEWS