Gurdas Mann Show : ਗੁਰਦਾਸ ਮਾਨ ਦਾ ਪੰਜਾਬ ਯੂਨੀਵਰਸਿਟੀ 'ਚ ਸ਼ੋਅ ਹੋਇਆ ਰੱਦ, ਭੜਕੇ ਵਿਦਿਆਰਥੀ, ਮਰਨ ਵਰਤ 'ਤੇ ਬੈਠੇ
Gurdas Mann Show Cancel in Punjab University : ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਸ਼ੋਅ ਰੱਦ ਹੋਣ ਦੀ ਖ਼ਬਰ ਹੈ, ਜਿਸ ਤੋਂ ਬਾਅਦ ਕੈਂਪਸ 'ਚ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਹੈ। ਦੱਸ ਦਈਏ ਕਿ ਇਹ ਹਾਲ ਹੀ ਵਿੱਚ ਦੂਜਾ ਅਜਿਹਾ ਪ੍ਰੋਗਰਾਮ ਹੈ, ਜਿਸਨੂੰ ਰੱਦ ਕਰ ਦਿੱਤਾ ਗਿਆ। ਸ਼ੋਅ ਰੱਦ ਹੋਣ ਪਿੱਛੇ 'ਡੀਨ ਸਟੂਡੈਂਟਸ ਵੈਲਫ਼ੇਅਰ (DSW) ਤੋਂ ਮਨਜੂਰੀ ਨਾ ਲੈਣਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਦਾ ਪ੍ਰੋਗਰਾਮ ਮੰਗਲਵਾਰ ਦੇਰ ਰਾਤ ਹੋਣਾ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪ੍ਰੋਗਰਾਮ, ਪ੍ਰਬੰਧਕਾਂ ਵੱਲੋਂ ਯੂਟੀ ਪ੍ਰਸ਼ਾਸਨ ਤੋਂ ਇਜਾਜ਼ਤ ਨਾ ਲੈਣ ਕਾਰਨ ਰੱਦ ਕੀਤਾ ਗਿਆ ਹੈ। ਖਾਸ ਤੌਰ 'ਤੇ, ਸਮਾਗਮ ਦੀ ਇਜਾਜ਼ਤ ਨਾ ਮਿਲਣ ਦੇ ਬਾਵਜੂਦ, ਕੈਂਪਸ ਵਿੱਚ ਢੁਕਵੀਂ ਰੋਸ਼ਨੀ ਵਾਲਾ ਸਟੇਜ ਸਥਾਪਤ ਕੀਤਾ ਗਿਆ ਸੀ। ਹਾਲਾਂਕਿ, ਅਧਿਕਾਰੀਆਂ ਦਾ ਦਾਅਵਾ ਹੈ ਕਿ ਵਿਦਿਆਰਥੀਆਂ ਨੇ ਸਟੇਜ ਆਪਣੇ ਆਪ ਸਥਾਪਤ ਕੀਤੀ।
ਡੀਨ ਸਟੂਡੈਂਟਸ ਵੈਲਫੇਅਰ (ਡੀਐਸਡਬਲਯੂ), ਪੰਜਾਬ ਯੂਨੀਵਰਸਿਟੀ ਨੇ ਕਿਹਾ, "ਪੰਜਾਬ ਯੂਨੀਵਰਸਿਟੀ (ਪੀਯੂ) ਹਮੇਸ਼ਾ ਵਿਦਿਆਰਥੀਆਂ ਵੱਲੋਂ ਆਯੋਜਿਤ ਤਿਉਹਾਰਾਂ ਅਤੇ ਸੱਭਿਆਚਾਰਕ ਸਮਾਗਮਾਂ ਦਾ ਸਮਰਥਨ ਕਰਨ ਅਤੇ ਉਤਸ਼ਾਹਿਤ ਕਰਨ ਲਈ ਵਚਨਬੱਧ ਰਹੀ ਹੈ। ਇਸ ਭਾਵਨਾ ਨਾਲ, ਉਕਤ ਸਮਾਗਮ ਲਈ ਇਜਾਜ਼ਤ ਚੰਡੀਗੜ੍ਹ ਪ੍ਰਸ਼ਾਸਨ ਤੋਂ ਲੋੜੀਂਦੀ ਪ੍ਰਵਾਨਗੀ ਪ੍ਰਾਪਤ ਕਰਨ ਦੇ ਅਧੀਨ ਦਿੱਤੀ ਗਈ ਸੀ। ਹਾਲਾਂਕਿ, ਇਹ ਸਮਾਗਮ ਨਹੀਂ ਹੋ ਸਕਿਆ ਕਿਉਂਕਿ ਸਬੰਧਤ ਵਿਦਿਆਰਥੀ, ਚੰਡੀਗੜ੍ਹ ਪ੍ਰਸ਼ਾਸਨ ਤੋਂ ਲੋੜੀਂਦੀਆਂ ਇਜਾਜ਼ਤਾਂ ਪ੍ਰਾਪਤ ਕਰਨ ਵਿੱਚ ਅਸਮਰੱਥ ਸਨ। ਇਸ ਲਈ ਵਿਦਿਆਰਥੀਆਂ ਨੂੰ ਅੱਜ ਆਪਣੇ ਜੋਖਮ 'ਤੇ ਸਟੇਜ ਸਥਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।"
ਵਿਦਿਆਰਥੀਆਂ ਨੇ ਡੀਨ ਸਟੂਡੈਂਟਸ ਵੈਲਫੇਅਰ 'ਤੇ ਲਾਏ ਇਲਜ਼ਾਮ
ਉਧਰ, ਸ਼ੋਅ ਰੱਦ ਹੋਣ 'ਤੇ ਵਿਦਿਆਰਥੀਆਂ ਨੇ ਗਾਇਕ ਦੇ ਪ੍ਰਦਰਸ਼ਨ ਲਈ ਬਣਾਏ ਗਏ ਸਟੇਜ 'ਤੇ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਯੂਨੀਵਰਸਿਟੀ ਅਧਿਕਾਰੀਆਂ 'ਤੇ ਜਾਣਬੁੱਝ ਕੇ ਸ਼ੋਅ ਰੱਦ ਕਰਨ ਦਾ ਦੋਸ਼ ਲਗਾਇਆ।
ਮਰਨ ਵਰਤ 'ਤੇ ਬੈਠੇ ਵਿਦਿਆਰਥੀ
ਸ਼ੋਅ ਰੱਦ ਹੋਣ ਦੇ ਵਿਰੋਧ ਵਿੱਚ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ 'ਤੇ 10 ਵਿਦਿਆਰਥੀਆਂ ਵੱਲੋਂ ਮਰਨ ਵਰਤ ਵੀ ਸ਼ੁਰੂ ਕੀਤਾ ਗਿਆ ਹੈ। ਵਿਦਿਆਰਥੀਆਂ ਦਾ ਇਹ ਮਰਨ ਵਰਤ ਦੇਰ ਰਾਤ ਤੋਂ ਚੱਲ ਰਿਹਾ ਹੈ ਅਤੇ ਇਸ ਦੌਰਾਨ ਕੁੱਝ ਵੀ ਨਹੀਂ ਖਾਧਾ-ਪੀਤਾ ਹੈ।
ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਹ ਪ੍ਰੋਗਰਾਮ DSW ਦੀ ਸਾਜ਼ਿਸ਼ ਕਰਕੇ ਰੱਦ ਕੀਤਾ ਗਿਆ ਹੈ। ਇਤਿਹਾਸ ਵਿੱਚ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਪੰਜਾਬ ਯੂਨੀਵਰਸਟੀ ਕੈਂਪਸ ਦੇ ਅੰਦਰ ਕਿਸੇ ਸ਼ੋਅ ਦੇ ਲਈ ਐਨਓਸੀ ਚੰਡੀਗੜ੍ਹ ਪ੍ਰਸਾਸ਼ਨ ਜਾਂ ਪੁਲਿਸ ਕੋਲੋਂ ਲੈਣੀ ਪਵੇ।
- PTC NEWS