Gujarat Police : ਸਿਰਸਾ 'ਚ ਗੁਜਰਾਤ ਪੁਲਿਸ ਦੀ ਗੱਡੀ ਦਾ ਭਿਆਨਕ ਹਾਦਸਾ, 3 ਮੁਲਾਜ਼ਮਾਂ ਦੀ ਮੌਕੇ 'ਤੇ ਮੌਤ, ਇੱਕ ਦੀ ਹਾਲਤ ਗੰਭੀਰ
Sirsa News : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਭਾਰਤਮਾਲਾ ਰੋਡ 'ਤੇ ਬੁੱਧਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਗੁਜਰਾਤ ਪੁਲਿਸ ਦੀ ਗੱਡੀ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਗੁਜਰਾਤ ਦੇ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਤਿੰਨੋਂ ਪੁਲਿਸ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਸਵੇਰੇ 5.30 ਵਜੇ ਵਾਪਰਿਆ।
ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਕੇ 'ਤੇ ਹੋਈ ਮੌਤ
ਡੱਬਵਾਲੀ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਾਰੇ ਜ਼ਖ਼ਮੀਆਂ ਨੂੰ ਜਨਰਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇਸ ਦੌਰਾਨ ਡਾਕਟਰਾਂ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾਂ ਦੀ ਪਛਾਣ ਗੁਜਰਾਤ ਪੁਲਿਸ ਦੇ ਤਿੰਨ ਜਵਾਨ ਘਨਸ਼ਿਆਮ, ਸੁਨੀਲ ਅਤੇ ਰਵਿੰਦਰ ਵੱਜੋਂ ਹੋਈ, ਜਦਕਿ ਇਸ ਹਾਦਸੇ ਵਿੱਚ ਇੱਕ ਹੋਰ ਸਿਪਾਹੀ ਜੇਪੀ ਸੋਲੰਕੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀ ਸਿਪਾਹੀ ਨੂੰ ਤੁਰੰਤ ਸਿਵਲ ਹਸਪਤਾਲ ਡੱਬਵਾਲੀ ਲਿਆਂਦਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਜਰਾਤ ਪੁਲਿਸ ਦੀ ਟੀਮ ਡੱਬਵਾਲੀ ਇਲਾਕੇ ਦੇ ਵਿਆਹ ਖੇੜਾ ਵਿਖੇ ਇੱਕ ਮਾਮਲੇ ਦੀ ਸ਼ਨਾਖਤ ਕਰਨ ਆਈ ਸੀ। ਜਿਵੇਂ ਹੀ ਉਨ੍ਹਾਂ ਦੀ ਕਾਰ ਵੜਿੰਗ ਖੇੜਾ ਕੋਲ ਪੁੱਜੀ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਸਦਰ ਥਾਣਾ ਇੰਚਾਰਜ ਬ੍ਰਹਮ ਪ੍ਰਕਾਸ਼ ਅਨੁਸਾਰ ਘਟਨਾ ਵਾਲੀ ਥਾਂ ਤੋਂ ਪੰਜਾਬ ਦੀ ਨੰਬਰ ਪਲੇਟ ਮਿਲੀ ਹੈ। ਇਸ ਦੇ ਆਧਾਰ 'ਤੇ ਪੁਲਿਸ ਅਣਪਛਾਤੇ ਵਾਹਨ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
- PTC NEWS