ਕੋਰੋਨਾ ਦੇ ਮੱਦੇਨਜ਼ਰ ਇਕ ਉਡਾਨ ਦੇ 2 ਫ਼ੀਸਦੀ ਕੌਮਾਂਤਰੀ ਯਾਤਰੀਆਂ ਦੇ ਲਏ ਜਾਣਗੇ ਨਮੂਨੇ
ਨਵੀਂ ਦਿੱਲੀ : ਚੀਨ ਸਮੇਤ ਹੋਰ ਦੇਸ਼ਾਂ ਵਿੱਚ ਪੈਰ ਪਸਾਰ ਚੁੱਕੇ ਕੋਰੋਨਾ ਦਰਮਿਆਨ ਕੇਂਦਰ ਸਰਕਾਰ ਹਰਕਤ ਵਿੱਚ ਆ ਗਈ ਹੈ। ਸਿਹਤ ਮੰਤਰਾਲੇ ਨੇ ਭਾਰਤ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਆਉਣ ਵਾਲੇ ਸਾਰੇ ਕੌਮਾਂਤਰੀ ਮੁਸਾਫ਼ਰਾਂ ਲਈ ਪੂਰੀ ਤਰ੍ਹਾਂ ਟੀਕਾਕਰਨ ਲਾਜ਼ਮੀ ਕਰ ਦਿੱਤਾ ਗਿਆ ਹੈ। ਯਾਤਰਾ ਦੌਰਾਨ ਹਵਾਈ ਅੱਡੇ 'ਤੇ ਉਡਾਨ ਦੌਰਾਨ ਜਾਂ ਐਂਟਰੀ ਤੇ ਐਗਜ਼ਿਟ ਪੁਆਇੰਟ 'ਤੇ ਮਾਸਕ ਲਗਾਉਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਲਾਜ਼ਮੀ ਹੈ। ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਤੇ ਕੌਮਾਂਤਰੀ ਉਡਾਣਾਂ ਦੇ 2 ਫ਼ੀਸਦੀ ਮੁਸਾਫ਼ਰਾਂ ਦੇ ਨਮੂਨੇ ਲੈਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਹ ਨਿਯਮ 24 ਦਸੰਬਰ ਤੋਂ ਲਾਗੂ ਹੋਣਗੇ।
ਸਿਹਤ ਮੰਤਰਾਲੇ ਨੇ ਕਿਹਾ ਕਿ ਜੇਕਰ ਯਾਤਰਾ ਦੌਰਾਨ ਕਿਸੇ ਮੁਸਾਫ਼ਰ ਵਿੱਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਸਟੈਂਡਰਡ ਪ੍ਰੋਟੋਕੋਲ ਤਹਿਤ ਅਲੱਗ ਕਰ ਦਿੱਤਾ ਜਾਵੇਗਾ। ਅਜਿਹੇ ਯਾਤਰੀ ਨੂੰ ਆਈਸੋਲੇਸ਼ਨ ਸੁਵਿਧਾ ਕੇਂਦਰ ਵਿੱਚ ਇਲਾਜ ਕਰਵਾਉਣਾ ਹੋਵੇਗਾ। ਸਰਕਾਰ ਅਨੁਸਾਰ ਸਬੰਧਤ ਏਅਰਲਾਈਨਾਂ ਵੱਲੋਂ ਕੋਵਿਡ ਟੈਸਟਿੰਗ ਲਈ ਹਰੇਕ ਫਲਾਈਟ ਵਿੱਚ ਯਾਤਰੀਆਂ ਨੂੰ ਚੁਣਿਆ ਜਾਵੇਗਾ।
ਇਹ ਵੀ ਪੜ੍ਹੋ : ਹੱਢ ਚੀਰਵੀ ਠੰਢ ਕਾਰਨ ਜਨਜੀਵਨ ਪ੍ਰਭਾਵਿਤ, ਪਹਾੜੀ ਇਲਾਕਿਆਂ 'ਚ ਮਨਫੀ 'ਤੇ ਪੁੱਜਿਆ ਪਾਰਾ
ਦੱਸਿਆ ਜਾ ਰਿਹਾ ਹੈ ਕਿ ਇਕ ਉਡਾਨ ਵਿੱਚ ਕੁੱਲ ਯਾਤਰੀਆਂ ਦੇ 2 ਫ਼ੀਸਦੀ ਦੇ ਕੋਵਿਡ ਸੈਂਪਲ ਲਏ ਜਾਣਗੇ। ਏਅਰਲਾਈਨ ਵੱਲੋਂ ਅਜਿਹੇ ਯਾਤਰੀਆਂ ਦੀ ਪਛਾਣ ਕੀਤੀ ਜਾਵੇਗੀ। ਸੈਂਪਲ ਦੇਣ ਤੋਂ ਬਾਅਦ ਯਾਤਰੀਆਂ ਨੂੰ ਏਅਰਪੋਰਟ ਤੋਂ ਬਾਹਰ ਜਾਣ ਦਿੱਤਾ ਜਾਵੇਗਾ। ਪਾਜ਼ੇਟਿਵ ਰਿਪੋਰਟਾਂ ਵਾਲੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ ਭੇਜੇ ਜਾਣਗੇ।
ਇਸ ਦੇ ਨਾਲ ਹੀ ਕੇਂਦਰੀ ਸਿਹਤ ਮੰਤਰਾਲਾ ਹੁਣ ਹਵਾਈ ਯਾਤਰਾ ਤੋਂ 72 ਘੰਟੇ ਪਹਿਲਾਂ ਕੀਤੇ ਗਏ ਆਰਟੀ-ਪੀਸੀਆਰ ਟੈਸਟ ਦੀ ਜਾਣਕਾਰੀ ਭਰਨ ਨਾਲ ਸਬੰਧਤ ਹਵਾਈ ਸੁਵਿਧਾ ਫਾਰਮ ਨੂੰ ਦੁਬਾਰਾ ਲਾਜ਼ਮੀ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਨਿਯਮ ਚੀਨ ਅਤੇ ਹੋਰ ਦੇਸ਼ਾਂ (ਜਿੱਥੇ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ) ਤੋਂ ਆਉਣ ਵਾਲੇ ਯਾਤਰੀਆਂ 'ਤੇ ਲਾਗੂ ਹੋਣਗੇ। ਕੋਰੋਨਾ ਟੈਸਟ ਦੀ ਰਿਪੋਰਟ ਦੇ ਨਾਲ, ਪੂਰੇ ਟੀਕਾਕਰਨ ਸਰਟੀਫਿਕੇਟ ਦੀ ਜਾਣਕਾਰੀ ਵੀ ਫਾਰਮ ਵਿੱਚ ਭਰਨੀ ਪਵੇਗੀ।
- PTC NEWS