Firecracker Ban: ਕਈ ਸੂਬਿਆਂ 'ਚ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਅਤੇ ਕਈਆਂ 'ਚ ਪੂਰੀ ਤਰ੍ਹਾਂ ਪਾਬੰਦੀ
Firecracker Ban: ਜਿਵੇ ਤੁਸੀਂ ਜਾਣਦੇ ਹੋ ਕਿ ਅੱਜਕਲ ਪ੍ਰਦੂਸ਼ਣ ਦੀ ਸਮੱਸਿਆ ਜ਼ਿਆਦਾ ਵੱਧ ਰਹੀ ਹੈ ਅਜਿਹੇ 'ਚ ਯੂ.ਪੀ., ਹਰਿਆਣਾ ਅਤੇ ਪੰਜਾਬ ਸਮੇਤ ਦਿੱਲੀ-ਐਨ.ਸੀ.ਆਰ 'ਚ ਸਥਿਤੀ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਇਸਦੇ ਨਾਲ ਕਈ ਰਾਜਾਂ 'ਚ ਹਵਾ ਦੀ ਗੁਣਵੱਤਾ ਦਾ ਪੱਧਰ ਵੀ ਬਹੁਤ ਖ਼ਰਾਬ ਹੈ।
ਮੰਗਲਵਾਰ ਰਾਤ ਨੂੰ ਦਿੱਲੀ ਦੇ ਆਨੰਦ ਵਿਹਾਰ 'ਚ AQI 999 'ਤੇ ਪਹੁੰਚ ਗਿਆ। ਇਸ ਸਬੰਧੀ ਸੁਪਰੀਮ ਕੋਰਟ ਵੀ ਸਖ਼ਤ ਹੈ। ਅਦਾਲਤ ਨੇ ਸਬੰਧਤ ਰਾਜਾਂ ਨੂੰ ਪ੍ਰਦੂਸ਼ਣ ਸਬੰਧੀ ਪ੍ਰਭਾਵੀ ਕਦਮ ਚੁੱਕਣ ਲਈ ਕਿਹਾ ਹੈ। ਇਸ ਤੋਂ ਬਾਅਦ ਰਾਜ ਸਰਕਾਰਾਂ ਐਕਸ਼ਨ ਮੋਡ ਵਿੱਚ ਹਨ। ਕੁਝ ਸੂਬਿਆਂ ਨੇ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।
ਪੰਜਾਬ ਵਿੱਚ ਹਰੇ ਪਟਾਕਿਆਂ ਦੀ ਇਜਾਜ਼ਤ
ਜਿਵੇ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਵੀ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਅਜਿਹੇ 'ਚ ਦਿੱਲੀ-ਐਨ.ਸੀ.ਆਰ. ਤੋਂ ਬਾਅਦ ਹੁਣ ਇੱਥੇ ਵੀ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਜਿਸ ਦੇ ਚਲਦੇ ਪੰਜਾਬ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ ਦੀਵਾਲੀ, ਗੁਰਪੁਰਬ, ਕ੍ਰਿਸਮਿਸ ਅਤੇ ਨਵੇਂ ਸਾਲ 'ਤੇ ਸੀਮਤ ਘੰਟਿਆਂ ਦੌਰਾਨ 'ਹਰੇ' ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਦੇਵੇਗੀ। ਖਾਸ ਮੌਕਿਆਂ 'ਤੇ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੈ।
ਇਹ ਵੀ ਪੜ੍ਹੋ: ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਥੋੜ੍ਹੇ ਸਮੇਂ ਲਈ ਸਿਰਫ਼ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ: ਮੀਤ ਹੇਅਰ
ਦਿੱਲੀ 'ਚ ਪਟਾਕਿਆਂ 'ਤੇ ਪੂਰੀ ਤਰ੍ਹਾਂ ਪਾਬੰਦੀ
ਜਿਵੇ ਕਿ ਤੁਹਾਨੂੰ ਦੱਸਿਆ ਹੀ ਹੈ ਕਿ ਅੱਜਕਲ ਪ੍ਰਦੂਸ਼ਣ ਦੀ ਸਮੱਸਿਆ ਜ਼ਿਆਦਾ ਵੱਧ ਰਹੀ ਹੈ ਅਜਿਹੇ 'ਚ ਦਿੱਲੀ ਸਰਕਾਰ ਨੇ ਦੀਵਾਲੀ ਦੇ ਮੌਕੇ 'ਤੇ ਪਟਾਕਿਆਂ ਦੀ ਵਿਕਰੀ, ਨਿਰਮਾਣ, ਸਟੋਰੇਜ ਅਤੇ ਆਨਲਾਈਨ ਡਿਲਿਵਰੀ ਅਤੇ ਪਟਾਕੇ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇੱਥੇ ਪਟਾਕਿਆਂ ਸਬੰਧੀ ਕੋਈ ਨਵਾਂ ਲਾਇਸੈਂਸ ਜਾਰੀ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਨਜ਼ਰ ਰੱਖਣ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ। ਅਜਿਹੇ 'ਚ ਜੇਕਰ ਕੋਈ ਵੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਵੇਗਾ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਯੂ.ਪੀ. 'ਚ ਪਟਾਕਿਆਂ 'ਤੇ ਸਰਕਾਰ ਦਾ ਕੀ ਹੈ ਹੁਕਮ?
ਉੱਤਰ ਪ੍ਰਦੇਸ਼ ਸਰਕਾਰ ਨੇ ਫਿਲਹਾਲ ਪਟਾਕਿਆਂ 'ਤੇ ਪਾਬੰਦੀ ਨਹੀਂ ਲਗਾਈ ਹੈ। ਹਾਲਾਂਕਿ NCR ਬਾਰੇ ਨਿਯਮ ਦਿੱਲੀ ਦੀ ਤਰ੍ਹਾਂ ਹੀ ਰਹਿਣਗੇ। ਨੋਇਡਾ ਅਤੇ ਗਾਜ਼ੀਆਬਾਦ ਵਿੱਚ ਹਰੇ ਪਟਾਕੇ ਫੂਕਣ ਦੀ ਇਜਾਜ਼ਤ ਹੈ। ਹਾਲਾਂਕਿ ਜੇਕਰ ਸਥਿਤੀ ਹੋਰ ਵਿਗੜ ਗਈ ਤਾਂ ਇਸ 'ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ।
ਬਿਹਾਰ ਦੇ 4 ਜ਼ਿਲ੍ਹਿਆਂ 'ਚ ਪਟਾਕਿਆਂ 'ਤੇ ਪਾਬੰਦੀ
ਜਿਵੇ ਕਿ ਤੁਹਾਨੂੰ ਦੱਸਿਆ ਹੀ ਹੈ ਕਿ ਪ੍ਰਦੂਸ਼ਣ ਦਾ ਪੱਧਰ ਵਧਣ ਦੇ ਕਾਰਨ ਕਈ ਰਾਜਾਂ ਦੇ ਨਾਲ ਨਾਲ ਬਿਹਾਰ ਦੇ ਪਟਨਾ, ਹਾਜੀਪੁਰ, ਗਯਾ ਅਤੇ ਮੁਜ਼ੱਫਰਨਗਰ 'ਚ ਹਰੇ ਪਟਾਕਿਆਂ ਸਮੇਤ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਅਤੇ ਦੂਜੇ ਸ਼ਹਿਰਾਂ ਵਿੱਚ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਮੁੰਬਈ ਵਿੱਚ ਰਾਤ 10 ਵਜੇ ਤੱਕ ਹੀ ਇਜਾਜ਼ਤ
ਪ੍ਰਦੂਸ਼ਣ ਦਾ ਪੱਧਰ ਵਧਣ ਦੇ ਕਾਰਨ ਮਹਾਰਾਸ਼ਟਰ ਦੇ ਬੰਬੇ ਹਾਈ ਕੋਰਟ ਨੇ ਮਿਊਂਸੀਪਲ ਅਧਿਕਾਰੀਆਂ ਅਤੇ ਪੁਲਸ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਹੈ ਕਿ ਦੀਵਾਲੀ ਤੱਕ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਹੀ ਪਟਾਕੇ ਚਲਾਏ ਜਾਣ। ਹਾਲਾਂਕਿ ਅਦਾਲਤ ਨੇ ਪਟਾਕਿਆਂ 'ਤੇ ਪਾਬੰਦੀ ਨਹੀਂ ਲਗਾਈ ਹੈ, ਪਰ ਕਿਹਾ ਹੈ ਕਿ ਲੋਕਾਂ ਨੂੰ ਆਪਣੇ ਆਪ ਨੂੰ ਸਾਫ਼ ਵਾਤਾਵਰਣ ਅਤੇ ਪਟਾਕਿਆਂ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ। ਜਦੋਂ ਕਿ ਨਾਗਪੁਰ ਵਿੱਚ ਰਾਤ 8 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।
ਕਰਨਾਟਕ ਵਿੱਚ ਹਰੇ ਪਟਾਕਿਆਂ ਦੀ ਇਜਾਜ਼ਤ
ਕਰਨਾਟਕ ਵਿੱਚ ਸਿਰਫ਼ ਹਰੇ ਪਟਾਕਿਆਂ ਦੀ ਹੀ ਇਜਾਜ਼ਤ ਹੈ। ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਈ ਟੀਮਾਂ ਬਣਾਇਆ ਗਿਆ ਹਨ। ਕਰਨਾਟਕ 'ਚ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ।
ਕੇਰਲ 'ਚ ਸਿਰਫ 2 ਘੰਟੇ ਲਈ ਦਿੱਤੀ ਗਈ ਇਜਾਜ਼ਤ
ਪ੍ਰਦੂਸ਼ਣ ਦਾ ਪੱਧਰ ਵਧਣ ਦੇ ਕਾਰਨ ਕੇਰਲ 'ਚ ਵੀ ਦੀਵਾਲੀ 'ਤੇ ਰਾਤ ਨੂੰ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਹੈ। ਐਨਜੀਟੀ ਦੇ ਹੁਕਮਾਂ ਤੋਂ ਬਾਅਦ ਸਾਰੇ ਜ਼ਿਲ੍ਹਿਆਂ ਵਿੱਚ ਗਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਮਿਲ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ 'ਤੇ ਨਜ਼ਰ ਰੱਖਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।
- PTC NEWS