ਫਰੀਦਕੋਟ:ਫਰੀਦਕੋਟ ਦੇ ਪਿੰਡ ਕਿੰਗਰਾ ਦੇ ਸਰਕਾਰੀ ਮਿਡਲ ਸਕੂਲ ਦਾ ਨਾਮ ਦੂਜੀ ਵਾਰ ਨੈਸਨਲ ਪੱਧਰ ਉੱਤੇ ਗੂੰਜਿਆ। ਪਿੰਡ ਕਿੰਗਰਾ ਦੇ ਸਰਕਾਰੀ ਮਿਡਲ ਸਕੂਲ ਨੇ ਦੇਸ਼ ਭਰ ਦੇ ਕਰੀਬ 9 ਲੱਖ ਤੋਂ ਵੱਧ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਨੂੰ ਪਛਾੜ ਕੇ ਸਵੱਛ ਭਾਰਤ ਅਭਿਆਨ ਵਿਚ ਦੂਜੀ ਵਾਰ ਨੈਸਨਲ ਐਵਾਰਡ ਆਪਣੇ ਨਾਂਮ ਕੀਤਾ ਹੈ।
ਪੰਜਾਬ ਪੱਧਰ ਉੱਤੇ ਇਸ ਸਕੂਲ ਨੇ 3 ਐਵਾਰਡ ਜਿੱਤੇ ਹਨ ਅਤੇ ਇਸ ਸਕੂਲ ਦੇ ਮੁੱਖ ਅਧਿਆਪਕ ਧਰਮਿੰਦਰ ਸਿੰਘ ਨੂੰ ਵੀ ਵਧੀਆ ਸੇਵਾਵਾਂ ਬਦਲੇ ਰਾਜ ਸਰਕਾਰ ਵੱਲੋਂ ਸਟੇਟ ਐਵਾਰਡ ਦਿੱਤਾ ਜਾ ਚੁੱਕਾ ਹੈ।
ਸਕੂਲ ਦਾ ਵਾਤਾਵਰਨ ਇੰਨਾਂ ਸਾਫ਼-ਸੁਥਰਾ ਕਿ ਕਿਤੇ ਵੀ ਤੁਹਾਨੂੰ ਗੰਦਗੀ ਦਾ ਨਾਮੋ ਨਿਸ਼ਾਨ ਨਹੀਂ ਮਿਲੇਗਾ, ਸਕੂਲ ਦੇ ਵਿਦਿਅਰਥੀਆਂ ਦੀ ਵਰਦੀ ਅਤੇ ਅਕਰਸ਼ਿਤ ਰੰਗਾਂ ਵਿਚ ਰੰਗਿਆ ਸਕੂਲ ਦਾ ਆਲਾ ਦੁਆਲਾ, ਬੱਚਿਆ ਦੇ ਪਖਾਨਿਆਂ ਦੀ ਸਫਾਈ , ਮੁੱਢਲੀਆਂ ਸਹੂਲਤਾਂ, ਕੋਵਿਡ ਨਿਯਮਾਂ ਦੀ ਪਾਲਣਾਂ, ਗਿੱਲੇ ਅਤੇ ਸੁੱਕੇ ਕੂੜੇ ਦੀ ਸਾਂਭ ਸੰਭਾਲ ਲਈ ਵੱਖ ਵੱਖ ਰੰਗਾਂ ਦੇ ਡਸਟਬਿੰਨ ਵੇਖ ਕੇ ਸਕੂਲ ਨੂੰ ਜੰਮਨ ਹੀ ਕਿਹਾ ਜਾ ਸਕਦਾ।
ਸਕੂਲ ਦੇ ਮੁੱਖ ਅਧਿਆਪਕ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੇ ਕਰੀਬ 10 ਸਾਲਾਂ ਤੋਂ ਇਸ ਸਕੂਲ ਵਿਚ ਮੁੱਖ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋ ਉਹ ਇਥੇ ਆਏ ਸਨ ਤਾਂ ਸਕੂਲ ਵਿਚ ਕੋਈ ਬਹੁਤੇ ਪ੍ਰਬੰਧ ਨਹੀਂ ਸਨ ਪਰ ਪਿੰਡ ਦੇ ਕੁਝ ਲੋਕਾਂ ਦੇ ਸਹਿਯੋਗ ਸਕੂਲ ਸਟਾਫ ਦੀ ਹੱਲਾਸ਼ੇਰੀ ਅਤੇ ਬੱਚਿਆ ਦੇ ਸਹਿਯੋਗ ਨਾਲ ਉਹਨਾਂ ਨੇ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਉਣ ਲਈ ਕੰਮ ਸੁਰੂ ਕੀਤਾ ਸੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅੱਜ ਸਕੂਲ ਨੂੰ 3 ਵਾਰ ਸਟੇਟ ਐਵਾਰਡ ਜਦੋਕਿ 2 ਵਾਰ ਨੈਸਨਲ ਐਵਾਰਡ ਮਿਲ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਦੇਸ਼ ਭਰ ਦੇ ਕਰੀਬ 9.5 ਲੱਖ ਦੇ ਲਗਭਗ ਸਰਕਾਰੀ ਅਤੇ ਨਿੱਜੀ ਖੇਤਰ ਦੇ ਸਕੂਲਾਂ ਨੇ ਐਵਾਰਡ ਲਈ ਅਪਲਾਈ ਕੀਤਾ ਸੀ ਜਿੰਨਾਂ ਵਿਚੋਂ ਕਰੀਬ 8.5 ਲੱਖ ਸਕੂਲਾਂ ਨੂੰ ਚੁਣਿਆ ਗਿਆ ਸੀ ਜਿੰਨਾਂ ਵਿਚ ਆਖਰੀ 33 ਸਕੂਲ ਚੁਣੇ ਗਏ ਜਿੰਨਾਂ ਵਿਚ ਇਕ ਨਾਮ ਉਹਨਾਂ ਦੇ ਸਕੂਲ ਦਾ ਨਾਮ ਸੀ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਮਿਲੇ ਇਸ ਐਵਾਰਡ ਨਾਲ ਉਹਨਾਂ ਸਕੂਲ ਦੇ ਵਿਦਿਅਰਥੀਆਂ ਦਾ ਮਾਣ ਵਧਿਆ ਹੈ।
ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਸਰਕਾਰੀ ਮਿਡਲ ਸਕੂਲ ਕਿੰਗਰਾ ਵਿਚ ਨੌਕਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਬੱਚਿਆ ਅਤੇ ਸਟਾਫ ਵਿਚ ਪਰਿਵਾਰਕ ਸਾਂਝ ਹੈ ਇਸੇ ਦੇ ਸਦਕਾ ਹੀ ਸਾਰੇ ਰਲ ਮਿਲ ਕੇ ਸਕੂਲ ਅਤੇ ਬੱਚਿਆ ਦੇ ਚੰਗੇ ਭਵਿੱਖ ਲਈ ਕੰਮ ਕਰਦੇ ਹਨ ਜਿਸ ਦਾ ਸਿੱਟਾ ਇਹ ਹੈ ਕਿ ਸਕੂਲ ਨੂੰ ਦੂਜੀਵਾਰ ਨੈਸਨਲ ਪੱਧਰ ਤੇ ਐਵਾਰਡ ਮਿਲਿਆ ਹੈ।
- PTC NEWS