Vaibhav Suryavanshi ਨੇ ਪਹਿਲੀ ਗੇਂਦ 'ਤੇ ਛੱਕਾ ਜੜ IPL 'ਚ ਡੈਬਿਊ ਕਰ ਰਚਿਆ ਇਤਿਹਾਸ , Google ਦੇ ਸੀਈਓ Sundar Pichai ਵੀ ਹੋਏ ਸੂਰਿਆਵੰਸ਼ੀ ਦੇ ਮੁਰੀਦ
Vaibhav Suryavanshi : ਲਖਨਊ ਸੁਪਰ ਜਾਇੰਟਸ ਦੇ ਖਿਲਾਫ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ 14 ਸਾਲਾ ਵੈਭਵ ਸੂਰਿਆਵੰਸ਼ੀ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ। ਇਸ ਦੇ ਨਾਲ ਉਹ ਆਈਪੀਐਲ ਵਿੱਚ ਡੈਬਿਊ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਇਸ ਮੈਚ ਵਿੱਚ ਉਸਨੇ ਪਹਿਲੀ ਹੀ ਗੇਂਦ 'ਤੇ ਛੱਕਾ ਮਾਰ ਕੇ ਇਤਿਹਾਸ ਰਚ ਦਿੱਤਾ ਹੈ। ਉਸਦੀ ਧਮਾਕੇਦਾਰ ਬੱਲੇਬਾਜ਼ੀ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਥੋਂ ਤੱਕ ਗੂਗਲ ਦੇ ਸੀਈਓ ਸੁੰਦਰ ਪਿਚਾਈ ਵੀ ਵੈਭਵ ਦੀ ਤਾਰੀਫ਼ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕੇ।
ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਖੇਡੇ ਗਏ ਇਸ ਮੈਚ ਵਿੱਚ ਐਲਐਸਜੀ ਨੇ ਆਖਰੀ ਗੇਂਦ ‘ਤੇ ਜਿੱਤ ਪ੍ਰਾਪਤ ਕੀਤੀ। ਸ਼ਾਰਦੁਲ ਠਾਕੁਰ ਦੀ ਗੇਂਦ ‘ਤੇ ਵੈਭਵ ਸੂਰਿਆਵੰਸ਼ੀ ਨੇ ਜਿਵੇਂ ਹੀ ਛੱਕਾ ਲਗਾਇਆ ਤਾਂ ਪੂਰਾ ਸਟੇਡੀਅਮ ਵੈਭਵ ਦੇ ਨਾਂ ਨਾਲ ਗੂੰਜ ਉੱਠਿਆ। ਵੈਭਵ ਨੇ ਆਈਪੀਐਲ ਦੀ ਸ਼ੁਰੂਆਤ ਇੱਕ ਛੱਕੇ ਨਾਲ ਕੀਤੀ। ਉਸਨੇ ਆਪਣੀ ਪਾਰੀ ਵਿੱਚ 3 ਛੱਕੇ ਅਤੇ 2 ਚੌਕੇ ਲਗਾਏ। ਬਿਹਾਰ ਦੇ ਸਮਸਤੀਪੁਰ ਤੋਂ ਆਉਣ ਵਾਲੇ ਵੈਭਵ ਨੂੰ ਭਵਿੱਖ ਦਾ ਸਿਤਾਰਾ ਕਿਹਾ ਜਾ ਰਿਹਾ ਹੈ।
ਸੁੰਦਰ ਪਿਚਾਈ ਵੀ ਹੋਏ ਮੁਰੀਦ
ਵੈਭਵ ਨੇ ਲਖਨਊ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ ਪਹਿਲੀ ਗੇਂਦ 'ਤੇ ਹੀ ਜ਼ੋਰਦਾਰ ਛੱਕਾ ਮਾਰਿਆ ਅਤੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇਸ ਦੌਰਾਨ ਖੱਬੇ ਹੱਥ ਦੇ ਬੱਲੇਬਾਜ਼ ਨੇ 20 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 34 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸਨੂੰ ਰਿਸ਼ਭ ਪੰਤ ਨੇ ਸਟੰਪ ਆਊਟ ਕੀਤਾ। ਗੂਗਲ ਦੇ ਸੀਈਓ ਸੁੰਦਰ ਪਿਚਾਈ ਵੀ ਬਿਹਾਰ ਦੇ ਨੌਜਵਾਨ ਬੱਲੇਬਾਜ਼ ਦੀ ਧਮਾਕੇਦਾਰ ਬੱਲੇਬਾਜ਼ੀ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਨੇ ਆਪਣੇ X ਹੈਂਡਲ ਤੋਂ ਲਿਖਿਆ- '8ਵੀਂ ਜਮਾਤ ਦੇ ਬੱਚੇ ਨੂੰ ਆਈਪੀਐਲ ਵਿੱਚ ਖੇਡਦੇ ਦੇਖਣ ਲਈ ਨੀਂਦ 'ਚੋਂ ਜਾਗਿਆ !!!! ਕਿੰਨਾ ਵਧੀਆ ਡੈਬਿਊ ਕੀਤਾ ਹੈ!
ਆਈਪੀਐਲ ਨਿਲਾਮੀ ਵਿੱਚ ਰਾਜਸਥਾਨ ਨੇ ਖਰੀਦਿਆ ਸੀ
ਆਈਪੀਐਲ 2025 ਲਈ ਪਿਛਲੇ ਸਾਲ ਹੋਈ ਮੈਗਾ ਨਿਲਾਮੀ ਵਿੱਚ ਵੈਭਵ ਸੂਰਿਆਵੰਸ਼ੀ ਨੂੰ ਰਾਜਸਥਾਨ ਰਾਇਲਜ਼ ਨੇ 1.10 ਕਰੋੜ ਰੁਪਏ ਵਿੱਚ ਖਰੀਦਿਆ ਸੀ। ਇਸ ਖਿਡਾਰੀ ਦੀ ਬੇਸ ਪ੍ਰਾਈਸ 30 ਲੱਖ ਰੁਪਏ ਸੀ ਅਤੇ ਉਹ ਆਪਣੇ ਬੇਸ ਪ੍ਰਾਈਸ ਤੋਂ ਲਗਭਗ ਚਾਰ ਗੁਣਾ ਵੱਧ ਕੀਮਤ 'ਤੇ ਵਿਕੇ। ਉਹ ਆਈਪੀਐਲ ਨਿਲਾਮੀ ਦੇ ਇਤਿਹਾਸ ਵਿੱਚ ਵਿਕਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਬਿਹਾਰ ਦੇ ਵੈਭਵ ਨੇ ਸਿਰਫ਼ 13 ਸਾਲ ਅਤੇ 242 ਦਿਨਾਂ ਦੀ ਉਮਰ ਵਿੱਚ ਆਈਪੀਐਲ ਨਿਲਾਮੀ ਲਈ ਸ਼ਾਰਟਲਿਸਟ ਕੀਤੇ ਗਏ ਸਭ ਤੋਂ ਘੱਟ ਉਮਰ ਦੇ ਖਿਡਾਰੀ ਵਜੋਂ ਇਤਿਹਾਸ ਰਚਿਆ।
- PTC NEWS