GidderBaha News : ''ਜਾ ਕੋ ਰਾਖੇ...'' 9 ਮਿੰਟ ਪਾਣੀ ਦੇ ਭਰੇ ਡਰੰਮ 'ਚ ਡਿੱਗੀ ਰਹੀ ਬੱਚੀ, ਫਿਰ 'ਤੀਜੀ ਅੱਖ' ਨੇ ਮਾਪਿਆਂ ਨੂੰ ਲੱਭ ਕੇ ਦਿੱਤੀ ਮਾਸੂਮ ਧੀ
GidderBaha News : ਗਿੱਦੜਬਾਹਾ 'ਚ ਇੱਕ ਬਹੁਤ ਹੀ ਹੈਰਾਨੀਜਨਕ ਘਟਨਾ ਵਾਪਰੀ ਹੈ, ਜਾਂ ਕਹਿ ਲਓ ਕਿ ਚਮਤਕਾਰ ਹੋਇਆ ਹੈ। ਇੱਕ ਬੱਚੀ ਜੋ ਪਾਣੀ ਵਾਲੇ ਭਰੇ ਡਰੰਮ ਵਿੱਚ ਡਿੱਗੀ ਰਹੀ, ਪਰ ਉਸ ਦਾ ਕੁੱਝ ਵੀ ਵਾਲ ਵਿੰਗਾ ਨਹੀਂ ਹੋਇਆ ਹੈ। ਬੱਚੀ ਦੇ 9 ਮਿੰਟ ਤੱਕ ਮੂੰਧੇ ਮੂੰਹ ਪਾਣੀ ਵਾਲੇ ਡਰੰਮ ਵਿੱਚੇ ਡਿੱਗੇ ਰਹਿਣ ਤੋਂ ਬਾਅਦ ਵੀ ਬਚਣ ਨੂੰ ਲੋਕ 'ਜਾ ਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ' ਦੀ ਕਹਾਵਤ ਨੂੰ ਸੱਚ ਹੋਣਾ ਕਹਿ ਰਹੇ ਹਨ।
ਜਾਣਕਾਰੀ ਅਨੁਸਾਰ ਘਟਨਾ ਪਿੰਡ ਗੁਰੂਸਰ ਦੀ ਹੈ, ਜਿਥੇ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਦੱਸ ਦਈਏ ਕਿ ਬੱਚੀ ਦੀ ਜਾਨ ਬਚਾਉਣ ਵਿੱਚ 'ਤੀਜੀ ਅੱਖ' ਕੈਮਰੇ ਦਾ ਬਹੁਤ ਵੱਡਾ ਯੋਗਦਾਨ ਰਿਹਾ, ਜਿਸ ਦੀ ਸਹਾਇਤਾ ਨਾਲ ਮਾਪਿਆਂ ਨੇ ਉਸ ਨੂੰ ਲੱਭਿਆ ਅਤੇ ਹਸਪਤਾਲ ਪਹੁੰਚਾਉਣ ਤੋਂ ਬਾਅਦ ਜਾਨ ਬਚ ਗਈ।
ਖਿਡੌਣਾ ਕੱਢਣ ਦੌਰਾਨ ਡਰੰਮ 'ਚ ਡਿੱਗੀ
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੁਰੂਸਰ ਵਾਸੀ ਡੇਢ ਸਾਲ ਆਪਣੇ ਘਰ ਵਿਚ ਖੇਡ ਰਹੀ ਸੀ ਤਾਂ ਇਸ ਦੌਰਾਨ ਉਸਦੀ ਖਿਡੌਣਾ ਗੁੱਡੀ ਘਰ ਵਿਚ ਪਏ ਪਾਣੀ ਦੇ ਭਰੇ ਡਰੰਮ ਵਿਚ ਡਿੱਗ ਜਾਂਦੀ ਹੈ, ਜਦ ਉਹ ਉਸਨੂੰ ਪਾਣੀ 'ਚੋਂ ਕੱਢਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸਿਰ ਭਾਰ ਉਹ ਵੀ ਪਾਣੀ ਦੇ ਡਰੰਮ ਵਿਚ ਡਿੱਗ ਜਾਂਦੀ ਹੈ।
ਸੀਸੀਟੀਵੀ ਨੇ ਬਚਾਈ ਬੱਚੀ ਦੀ ਜਾਨ
ਬੱਚੀ ਮਹਿਕ, ਇਸ ਦੌਰਾਨ ਡਰੰਮ ਵਿਚੋਂ ਨਿਕਲਣ ਲਈ ਯਤਨ ਕਰਦੀ ਹੈ ਪਰ ਬੁਰੀ ਤਰ੍ਹਾਂ ਫਸ ਜਾਂਦੀ ਹੈ। ਇਸ ਦੌਰਾਨ ਮਾਪੇ ਮਹਿਕ ਨੂੰ ਘਰ ਵਿਚ ਇਧਰ-ਉਧਰ ਲੱਭਦੇ ਹਨ ਪਰ ਉਹ ਨਹੀਂ ਮਿਲਦੀ। ਅਖੀਰ ਜਦੋਂ ਉਹ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਦੇਖਦੇ ਹਨ ਤਾਂ ਉਹਨਾਂ ਨੂੰ ਸਾਰੀ ਘਟਨਾ ਦਾ ਪਤਾ ਲੱਗਦਾ ਹੈ, ਜਿਸ ਪਿੱਛੋਂ ਉਹ ਤੁਰੰਤ ਮਹਿਕ ਨੂੰ ਡਰੰਮ 'ਚੋਂ ਕੱਢ ਕੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਲੈ ਗਏ, ਜਿੱਥੇ ਡਾਕਟਰਾਂ ਦੇ ਇਲਾਜ ਉਪਰੰਤ ਮਹਿਕ ਦੀ ਜਿੰਦਗੀ ਬਚ ਗਈ।
ਮਹਿਕ ਦੇ ਪਿਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੇ ਕਾਰਨ ਇਹ ਘਟਨਾ ਸਬੰਧੀ ਉਹ ਜਾਣ ਸਕੇ ਅਤੇ ਉਹਨਾਂ ਦੀ ਬੱਚੀ ਦੀ ਜਿੰਦਗੀ ਬਚ ਗਈ। ਬੱਚੀ ਦਾ ਪਿਤਾ ਇੱਕ ਸਕੂਲ ਵੈਨ ਚਾਲਕ ਹੈ ਅਤੇ ਉਹਨਾਂ ਦੇ ਇੱਕਲੌਤੀ ਬੱਚੀ ਹੈ, ਉਹ ਵਾਰ ਵਾਰ ਇਸ ਘਟਨਾ ਵਿਚ ਹੋਏ ਬੱਚੀ ਦੇ ਬਚਾਅ ਦੇ ਚਲਦਿਆ ਪ੍ਰਮਾਤਮਾ ਦਾ ਧੰਨਵਾਦ ਕਰ ਰਹੇ ਹਨ।
- PTC NEWS