Ludhiana News : ਵਿਦਿਆਰਥਣ ਨੇ ਆਪਣੇ ਦੋਸਤਾਂ ਨੂੰ ਗਰੁੱਪ 'ਚ ਭੇਜ ਦਿੱਤਾ ਅਜਿਹਾ ਮੈਸੇਜ਼, ਸਾਰੇ ਹੱਕੇ ਬੱਕੇ ਰਹਿ ਗਏ ਅਤੇ ਕਾਲਜ ਵੱਲ ਭੱਜੇ
Ludhiana News : ਲੁਧਿਆਣਾ ਦੇ ਗੁਰੂ ਨਾਨਕ ਗਰਲਜ਼ ਕਾਲਜ ਵਿੱਚ ਅੱਜ ਇੱਕ ਵਿਦਿਆਰਥਣ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਖ਼ੁਦਕੁਸ਼ੀ ਕਰਨ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮ੍ਰਿਤਕ ਵਿਦਿਆਰਥਣ ਦਾ ਨਾਮ ਜਸਪ੍ਰੀਤ ਕੌਰ ਹੈ, ਜੋ ਨੀਚੀ ਮੰਗਲੀ ਦੀ ਰਹਿਣ ਵਾਲੀ ਹੈ। ਮਰਨ ਤੋਂ ਪਹਿਲਾਂ ਵਿਦਿਆਰਥਣ ਨੇ ਆਪਣੇ ਵਿਦਿਆਰਥੀ ਗਰੁੱਪ 'ਚ ਮੈਸੇਜ ਭੇਜ ਕੇ ਲਿਖਿਆ ਕਿ ਉਸ ਕੋਲ ਖੁਦਕੁਸ਼ੀ ਤੋਂ ਇਲਾਵਾ ਕੋਈ ਹੱਲ ਨਹੀਂ ਹੈ।
ਇਸ ਮੈਸੇਜ ਨੂੰ ਪੜ੍ਹਨ ਤੋਂ ਬਾਅਦ ਹੋਰ ਵਿਦਿਆਰਥਣਾਂ ਨੇ ਤੁਰੰਤ ਕਾਲਜ ਪ੍ਰਬੰਧਨ ਨੂੰ ਸੂਚਿਤ ਕੀਤਾ। ਜਦੋਂ ਉਨ੍ਹਾਂ ਨੇ ਜਸਪ੍ਰੀਤ ਕੌਰ ਨੂੰ ਲੱਭਿਆ ਤਾਂ ਜਸਪ੍ਰੀਤ ਕੌਰ ਦੀ ਲਾਸ਼ ਕਲਾਸਰੂਮ ਵਿੱਚ ਪੱਖੇ ਨਾਲ ਲਟਕਦੀ ਮਿਲੀ। ਜਸਪ੍ਰੀਤ ਕੌਰ ਬੀਬੀਏ-ਦੂਜੇ ਸਮੈਸਟਰ ਦੀ ਪੜ੍ਹਾਈ ਕਰ ਰਹੀ ਸੀ। ਦਫ਼ਤਰ ਸੁਪਰਡੈਂਟ ਵਿਜੇ ਪ੍ਰਤਾਪ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥਣ ਜਸਪ੍ਰੀਤ ਕੌਰ (19) ਦਾ ਮੈਸੇਜ ਜਦੋਂ ਉਸਦੇ ਦੋਸਤਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਉਸਨੂੰ ਸੂਚਿਤ ਕੀਤਾ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਸ ਘਟਨਾ ਤੋਂ ਤੁਰੰਤ ਬਾਅਦ ਮਾਡਲ ਟਾਊਨ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਵਿਦਿਆਰਥਣ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਉਸਦੇ ਦੋਸਤਾਂ ਤੋਂ ਵੀ ਪੁੱਛਗਿੱਛ ਕਰੇਗੀ। ਉਸਦੇ ਮੋਬਾਈਲ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਉਸਦੀ ਮੌਤ ਦੇ ਪਿੱਛੇ ਕੀ ਕਾਰਨ ਸਨ।
ਸਵੇਰੇ ਕਾਲਜ ਗਈ ਸੀ ਬੇਟੀ - ਪਿਤਾ
ਪਿਤਾ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਸਵੇਰੇ ਖੁਸ਼ੀ-ਖੁਸ਼ੀ ਬੱਸ ਵਿੱਚ ਕਾਲਜ ਗਈ ਸੀ। ਅੱਜ ਜਦੋਂ ਉਹ ਉਸਨੂੰ ਕਾਲਜ ਤੋਂ ਲੈਣ ਆਇਆ ਤਾਂ ਉਸਨੇ ਫ਼ੋਨ ਨਹੀਂ ਚੁੱਕਿਆ। ਜਦੋਂ ਉਸ ਦੇ ਦੋਸਤਾਂ ਤੋਂ ਉਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇੱਕ ਕੁੜੀ ਨੇ ਆ ਕੇ ਦੱਸਿਆ ਕਿ ਜਸਪ੍ਰੀਤ ਨੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਖੁਦਕੁਸ਼ੀ ਕਿਉਂ ਕੀਤੀ, ਇਸਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਸਪ੍ਰੀਤ ਦਾ ਇੱਕ ਭਰਾ ਅਤੇ ਇੱਕ ਭੈਣ ਹੈ।
- PTC NEWS