ਅੰਕੁਸ਼ ਮਹਾਜਨ (ਚੰਡੀਗੜ੍ਹ, 23 ਨਵੰਬਰ): ਚੰਡੀਗੜ੍ਹ ਦੇ ਸੈਕਟਰ-45 (ਬੁੜੈਲ) 'ਚ ਇਕਤਰਫਾ ਪ੍ਰੇਮ ਸਬੰਧਾਂ ਦੇ ਮਾਮਲੇ 'ਚ 25 ਸਾਲਾ ਨੌਜਵਾਨ ਮੁਹੰਮਦ ਸ਼ਰੀਕ ਨੇ ਇੱਕ 18 ਸਾਲਾ ਕੁੜੀ ਸੁਨੀਤਾ (ਨਾਮ ਬਦਲਾ ਹੋਇਆ) ਦੇ ਘਰ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਕੁੜੀ ਨੂੰ ਪਤਾ ਲੱਗ ਚੁੱਕਿਆ ਸੀ ਕਿ ਮੁਲਜ਼ਮ ਵਿਆਹਿਆ ਹੋਇਆ ਹੈ। ਇਸ ਕਾਰਨ ਲੜਕੀ ਨੇ ਮੁਲਜ਼ਮ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ ਜੋ ਉਸ 'ਤੇ ਪ੍ਰੇਮ ਸਬੰਧ ਬਣਾਉਣ ਦਾ ਦਬਾਅ ਬਣਾ ਰਿਹਾ ਸੀ। ਦੋਵਾਂ ਦੀ ਮੁਲਾਕਾਤ ਬੁੜੈਲ ਵਿੱਚ ਹੀ ਹੋਈ ਸੀ। ਮੁਲਜ਼ਮ ਅਤੇ ਮ੍ਰਿਤਕ ਇੱਕ ਦੂਜੇ ਦੇ ਸਾਹਮਣੇ ਵਾਲੇ ਘਰਾਂ ਵਿੱਚ ਕਿਰਾਏਦਾਰ ਵਜੋਂ ਰਹਿੰਦੇ ਸਨ। ਮੁਲਜ਼ਮ ਮੂਲ ਰੂਪ ਵਿੱਚ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਵਿੱਚ ਸਥਿਤ ਪਿੰਡ ਬੇਲਾ ਦਾ ਰਹਿਣ ਵਾਲਾ ਹੈ। ਕਤਲ ਤੋਂ ਬਾਅਦ ਫਰਾਰ ਹੋਣ ਦੀ ਫ਼ਿਰਾਕ 'ਚ ਮੁਹੰਮਦ ਸ਼ਰੀਕ ਨੂੰ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ-43 ਬੱਸ ਅੱਡੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਹੈ।ਮ੍ਰਿਤਕ ਲੜਕੀ ਦੀ ਮਾਂ ਘਰਾਂ ਦੀ ਸਫ਼ਾਈ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ ਅਤੇ ਲੜਕੀ ਦਾ ਪਿਤਾ ਉੱਤਰ ਪ੍ਰਦੇਸ਼ ਵਿੱਚ ਆਪਣੇ ਜੱਦੀ ਪਿੰਡ ਵਿੱਚ ਰਹਿੰਦਾ ਹੈ। ਲੜਕੀ ਦਾ ਭਰਾ ਜੋ ਛੇਵੀਂ ਜਮਾਤ ਦਾ ਵਿਦਿਆਰਥੀ ਹੈ, 19 ਨਵੰਬਰ ਨੂੰ ਸਵੇਰੇ ਘਰੋਂ ਨਿਕਲਿਆ ਸੀ। ਦੁਪਹਿਰ ਬਾਅਦ ਵਾਪਸੀ 'ਤੇ ਉਸ ਨੇ ਆਪਣੇ ਕਿਰਾਏ ਦੇ ਮਕਾਨ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਦੇਖਿਆ ਅਤੇ ਲੜਕੀ ਬੈੱਡ 'ਤੇ ਬੇਹੋਸ਼ੀ ਦੀ ਹਾਲਤ 'ਚ ਪਈ ਸੀ। ਬੇਟੇ ਵੱਲੋਂ ਸੂਚਨਾ ਮਿਲਣ 'ਤੇ ਲੜਕੀ ਦੀ ਮਾਂ ਮੌਕੇ 'ਤੇ ਪਹੁੰਚੀ, ਜਿਸ ਨੇ ਰੌਲਾ ਪਾਇਆ ਅਤੇ ਗੁਆਂਢੀਆਂ ਨੂੰ ਬੁਲਾਇਆ, ਜੋ ਲੜਕੀ ਨੂੰ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ ਸੈਕਟਰ-16 ਲੈ ਗਏ, ਜਿੱਥੇ ਪਹੁੰਚਣ 'ਤੇ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਮੁਲਜ਼ਮ ਇੱਕ ਹੋਟਲ ਵਿੱਚ ਫੂਡ ਡਿਲੀਵਰੀ ਬੁਆਏ ਦਾ ਕੰਮ ਕਰਦਾ ਸੀ ਜਦਕਿ ਮ੍ਰਿਤਕ ਲੜਕੀ ਸਰਕਾਰੀ ਸਕੂਲ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਸੀ। ਇਲਜ਼ਾਮ ਹੈ ਕਿ ਮੁਲਜ਼ਮ ਨੇ ਮ੍ਰਿਤਕ ਲੜਕੀ ਨੂੰ ਇਹ ਨਹੀਂ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਅਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਕੁੜੀ ਨਾਲ ਸਬੰਧ ਬਣਾਉਣ ਲਈ ਲਗਾਤਾਰ ਦਬਾਅ ਬਣਾ ਰਿਹਾ ਸੀ।ਇਹ ਵੀ ਪੜ੍ਹੋ: ਪੰਜਾਬ ਪੁਲਿਸ ਸੂਬੇ 'ਚ ਲਗਾਏਗੀ ਹਾਈਟੈਕ ਨਾਕੇਚੰਡੀਗੜ੍ਹ ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ 'ਚ ਇਹ ਇੱਕ ਤਰਫਾ ਪਿਆਰ ਦਾ ਮਾਮਲਾ ਜਾਪਦਾ ਹੈ ਅਤੇ ਇਸੇ ਐਂਗਲ 'ਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਕੋਣ ਤੋਂ ਵੀ ਜਾਂਚ ਕਰ ਰਹੀ ਹੈ ਕਿ ਕੀ ਕਤਲ ਤੋਂ ਪਹਿਲਾਂ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਸੀ। ਪੁਲਿਸ ਅਨੁਸਾਰ ਮ੍ਰਿਤਕ ਲੜਕੀ ਦੀ ਮਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਮੁਲਜ਼ਮ ਪਿਛਲੇ ਕੁਝ ਦਿਨਾਂ ਤੋਂ ਲੜਕੀ ਨਾਲ ਪ੍ਰੇਮ ਸਬੰਧ ਬਣਾਉਣ ਲਈ ਦਬਾਅ ਬਣਾ ਰਿਹਾ ਸੀ। ਜਿਸ ਜਗ੍ਹਾ 'ਤੇ ਮੁਲਜ਼ਮ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ, ਉਹ ਮਕਾਨ ਵੀ ਦੋ ਮਹੀਨੇ ਪਹਿਲਾਂ ਲੜਕੀ ਦੀ ਮਾਂ ਦੇ ਇਤਰਾਜ਼ ਤੋਂ ਬਾਅਦ ਮਕਾਨ ਮਾਲਕ ਨੇ ਖਾਲੀ ਕਰਵਾ ਲਿਆ ਸੀ। ਮਕਾਨ ਮਾਲਕ ਅਨੁਸਾਰ ਪੁਲਿਸ ਨੇ ਸੀਸੀਟੀਵੀ ਦੇ ਆਧਾਰ 'ਤੇ ਮੁਲਜ਼ਮ ਦੀ ਪਹਿਚਾਣ ਕੀਤੀ ਅਤੇ ਸੀਸੀਟੀਵੀ 'ਚ ਪਾਇਆ ਗਿਆ ਕਿ ਮੁਲਜ਼ਮ ਕਰੀਬ 1 ਘੰਟਾ ਲੜਕੀ ਦੇ ਘਰ ਰਿਹਾ ਅਤੇ ਫਿਰ ਫ਼ਰਾਰ ਹੋ ਗਿਆ, ਬਾਅਦ 'ਚ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਲੜਕੀ ਦਾ ਕਤਲ ਹੋ ਗਿਆ ਹੈ।