ਤਿਹਾੜ ਜੇਲ੍ਹ 'ਚੋਂ ਬਾਹਰ ਆਇਆ ਗੈਂਗਸਟਰ ਸੁਖਰਾਜ ਸਾਥੀ ਸਣੇ ਕਾਬੂ
ਬਟਾਲਾ : ਬਟਾਲਾ ਅਧੀਨ ਪੈਂਦੇ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ। ਗੈਂਗਸਟਰਾਂ ਕੋਲੋਂ ਇਕ ਪਿਸਟਲ, ਛੇ ਰੌਂਦ ਤੇ ਇਕ ਮੈਗਜ਼ੀਨ ਬਰਾਮਦ ਹੋਏ ਹਨ। ਥਾਣਾ ਕੋਟਲੀ ਸੂਰਤ ਮੱਲੀ ਦੇ ਥਾਣਾ ਇੰਚਾਰਜ ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਰਾਜੇਚੱਕ ਦੇ ਰਹਿਣ ਵਾਲੇ ਸੁਖਦੇਵ ਸਿੰਘ ਦਾ ਫੋਨ ਆਇਆ ਕੇ ਦੋ ਨੌਜਵਾਨ ਪਿੰਡ ਵਿਚ ਉਨ੍ਹਾਂ ਦੇ ਬੇਟੇ ਜਸ਼ਨਦੀਪ ਦੀ ਕੁੱਟਮਾਰ ਕਰ ਰਹੇ ਸਨ ਤੇ ਜਦੋਂ ਸੁਖਦੇਵ ਸਿੰਘ ਨੇ ਵਿਚਾਲੇ ਪੈ ਕੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਿਸਟਲ ਨਹੀਂ ਚੱਲੀ ਤੇ ਉਨ੍ਹਾਂ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾਈ।
ਉਕਤ ਦੋਵੇਂ ਨੌਜਵਾਨ ਭੱਜ ਕੇ ਪਿੰਡ 'ਚ ਬਲਵਿੰਦਰ ਸਿੰਘ ਦੇ ਘਰ ਛੱਤ ਉਤੇ ਬਣੇ ਕਮਰੇ 'ਚ ਲੁਕ ਗਏ ਹਨ। ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕੇ ਜਦੋਂ ਪੁਲਿਸ ਮੌਕੇ ਉੱਤੇ ਪੁੱਜੀ ਤਾਂ ਦੋਵੇਂ ਨੌਜਵਾਨ ਜਿਨ੍ਹਾਂ 'ਚੋਂ ਇਕ ਗੈਂਗਸਟਰ ਸੁਖਰਾਜ ਸਿੰਘ ਵਾਸੀ ਪਿੰਡ ਪੱਡਾ ਹਲਕਾ ਡੇਰਾ ਬਾਬਾ ਨਾਨਕ ਤੇ ਦੂਜਾ ਗੈਂਗਸਟਰ ਮਰਿੰਦਰ ਸਿੰਘ ਵਾਸੀ ਨਿਕੋ ਸਰਾਂ ਹਲਕਾ ਡੇਰਾ ਬਾਬਾ ਨਾਨਕ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ 1 ਪਿਸਟਲ 32 ਬੋਰ ਛੇ ਰੌਂਦ, ਇਕ ਮੈਗਜ਼ੀਨ ਤੇ ਇਕ ਮੋਟਰਸਾਈਕਲ ਬਿਨਾਂ ਨੰਬਰ ਬਰਾਮਦ ਕੀਤਾ। ਗੈਂਗਸਟਰ ਸੁਖਰਾਜ ਉਤੇ ਪਹਿਲਾਂ ਵੀ 7 ਕੇਸ ਦਰਜ ਹਨ ਤੇ ਇਹ ਦਿੱਲੀ ਦੀ ਤਿਹਾੜ ਜੇਲ੍ਹ 'ਚੋਂ ਇਕ ਮਹੀਨਾ ਪਹਿਲਾ ਹੀ ਜ਼ਮਾਨਤ ਉਤੇ ਬਾਹਰ ਆਇਆ ਸੀ।
ਇਹ ਵੀ ਪੜ੍ਹੋ : ਇਨਕਮ ਟੈਕਸ ਦੀ ਟੀਮ ਵੱਲੋਂ ਨਾਮੀ ਸੁਨਿਆਰਿਆਂ 'ਤੇ ਛਾਪੇਮਾਰੀ, ਕਰੋੜਾਂ ਰੁਪਏ ਬਰਾਮਦ
ਉਧਰ ਦੂਜੇ ਪਾਸੇ ਫੜੇ ਗਏ ਗੈਂਗਸਟਰ ਸੁਖਰਾਜ ਸਿੰਘ ਨੇ ਖੁਦ ਕਬੂਲਦੇ ਹੋਏ ਕਿਹਾ ਕਿ ਉਹ ਪਿੰਡ ਰਾਜੇਚੱਕ ਦੇ ਜਸ਼ਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਗੋਲੀਆਂ ਮਾਰਨ ਗਏ ਸੀ ਕਿਉਂਕਿ ਜਸ਼ਨਦੀਪ ਉਸਦੀ ਭੈਣ ਨੂੰ ਤੰਗ ਪਰੇਸ਼ਾਨ ਕਰਦਾ ਸੀ ਪਰ ਕਿਸਮਤ ਨਾਲ ਉਹ ਬਚ ਗਿਆ ਤੇ ਪੁਲਿਸ ਨੇ ਉਨ੍ਹਾਂ ਕਾਬੂ ਕਰ ਲਿਆ। ਸੁਖਰਾਜ ਗੋਲ਼ੀ ਗਰੁੱਪ ਨਾਲ ਸਬੰਧਤ ਹੈ ਤੇ ਉਸ ਉਪਰ ਦਿੱਲੀ ਤੇ ਪੰਜਾਬ ਸਮੇਤ 7 ਕੇਸ ਦਰਜ ਹਨ।
- PTC NEWS