Bishnoi And Manesar: ਗੈਂਗਸਟਰ ਲਾਰੈਂਸ ਦੀ ਜੇਲ੍ਹ ਤੋਂ ਵੀਡੀਓ ਕਾਲ: ਮੁਲਜ਼ਮ ਮੋਨੂੰ ਮਾਨੇਸਰ ਨਾਲ ਕਰ ਰਿਹਾ ਗੱਲ, ਦੇਖੋ ਵੀਡੀਓ
Bishnoi Video Call with Monu Manesar: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਦੀ ਜੇਲ੍ਹ ਤੋਂ ਇੱਕ ਵੀਡੀਓ ਕਾਲ ਵਾਇਰਲ ਹੋਈ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਲਾਰੈਂਸ ਦੀ ਵੀਡੀਓ ਕਾਲ ਦੇ ਦੂਜੇ ਪਾਸੇ ਦਿਖਾਈ ਦੇਣ ਵਾਲਾ ਵਿਅਕਤੀ ਕੋਈ ਹੋਰ ਨਹੀਂ ਸਗੋਂ ਮੋਨੂੰ ਮਾਨੇਸਰ ਹੈ, ਜੋ ਕਿ ਹਰਿਆਣਾ ਵਿੱਚ ਨੂੰਹ ਹਿੰਸਾ ਅਤੇ ਦੋਹਰੇ ਕਤਲ ਦਾ ਮੁਲਜ਼ਮ ਹੈ। ਇਸ ਵੀਡੀਓ ਕਾਲ 'ਚ ਇਕ ਹੋਰ ਗੈਂਗਸਟਰ ਰਾਜੂ ਬਸੌਦੀ ਵੀ ਨਜ਼ਰ ਆ ਰਿਹਾ ਹੈ, ਜੋ ਲਾਰੈਂਸ ਨਾਲ ਬੈਠਾ ਹੈ।
ਮਿਲੀ ਜਾਣਕਾਰੀ ਮੁਤਾਬਿਕ ਗਊ ਰੱਖਿਆ ਦਲ ਨਾਲ ਜੁੜਿਆ ਮੋਨੂੰ ਮਾਨੇਸਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ 'ਚ ਸ਼ਾਮਲ ਹੋਣਾ ਚਾਹੁੰਦਾ ਸੀ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਵੀਡੀਓ ਕਾਲ ਰਾਹੀਂ ਗੱਲਬਾਤ ਹੋ ਰਹੀ ਹੈ। ਇਸ ਦੌਰਾਨ ਦੋਵੇ ਹੱਸ ਹੱਸ ਕੇ ਗੱਲ੍ਹਾਂ ਕਰ ਰਹੇ ਹਨ। ਸੂਤਰਾਂ ਤੋਂ ਇਹ ਵੀ ਜਾਣਕਾਰੀ ਹਾਸਿਲ ਹੋਈ ਹੈ ਕਿ ਮੋਨੂੰ ਮਾਨੇਸਰ ਲਾਰੈਂਸ ਦੇ ਭਰਾ ਅਨਮੋਲ ਦੇ ਨਾਲ ਵੀ ਗੱਲ ਕਰਦਾ ਰਹਿੰਦਾ ਸੀ।
ਖੈਰ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਵੀਡੀਓ ਕਦੋਂ ਵਾਇਰਲ ਹੋਇਆ। ਲਾਰੈਂਸ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਹੈ। ਪਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ’ਚ ਹਲਚਲ ਮਚ ਗਈ ਹੈ। ਫਿਲਹਾਲ ਮੋਨੂੰ ਮਾਨੇਸਰ ਰਾਜਸਥਾਨ ਪੁਲਿਸ ਦੀ ਗ੍ਰਿਫਤ ’ਚ ਹੈ। ਰਾਜੂ ਬਸੌਦੀ ਨੂੰ ਪੁਲਿਸ ਨੇ 2020 ਵਿੱਚ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਸੀ। ਮੋਨੂੰ ਮਾਨੇਸਰ ਨਾਸਿਰ ਅਤੇ ਜੁਨੈਦ ਕਤਲ ਕੇਸ ਵਿੱਚ ਰਾਜਸਥਾਨ ਪੁਲਿਸ ਦੀ ਹਿਰਾਸਤ ਵਿੱਚ ਹੈ।
ਦੂਜੇ ਪਾਸੇ ਰਾਜੂ ਅਤੇ ਲਾਰੈਂਸ ਦੀ ਦੋਸਤੀ ਵੀ ਬਹੁਤ ਪੁਰਾਣੀ ਹੈ। ਰਾਜੂ ਨੇ ਸੰਦੀਪ ਉਰਫ਼ ਕਾਲਾ ਜਠੇੜੀ ਗੈਂਗ ਰਾਹੀਂ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਹ ਲਾਰੈਂਸ ਗੈਂਗ 'ਚ ਸ਼ਾਮਲ ਹੋ ਗਿਆ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ; ਸਾਥੀ ਪ੍ਰਦਰਸ਼ਨਕਾਰੀ ਨੇ ਹੀ ਮਾਰੀ ਸੀ ਗੋਲੀ!
- PTC NEWS