ਗੈਂਗਸਟਰ ਜੱਗੂ ਭਗਵਾਨਪੁਰੀਆ 'ਤੇ ਲੱਗੇ ਪਾਕਿਸਤਾਨ ਤੋਂ ਵਿਸਫੋਟਕ ਸਮੱਗਰੀ ਲਿਆਉਣ ਦੇ ਇਲਜ਼ਾਮ
ਅੰਮ੍ਰਿਤਸਰ, 14 ਨਵੰਬਰ: ਗੈਂਗਸਟਰ ਜੱਗੂ ਭਗਵਾਨਪੁਰੀਆ ਅਗਲੇ 5 ਦਿਨਾਂ ਲਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਅੰਮ੍ਰਿਤਸਰ ਦੇ ਰਿਮਾਂਡ 'ਤੇ ਹੈ। ਇਸ ਵਾਰ ਜੱਗੂ ਦਾ ਨਾਂਅ ਜਰਮਨੀ ਤੋਂ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਜਸਵਿੰਦਰ ਸਿੰਘ ਮੁਲਤਾਨੀ ਨਾਲ ਵੀ ਜੁੜਿਆ ਹੈ। ਐਸਐਸਓਸੀ ਦੀ ਟੀਮ ਨੇ ਜੱਗੂ ਨੂੰ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਦੇ ਇਲਜ਼ਾਮ ਵਿੱਚ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ।
ਐਸਐਸਓਸੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੱਗੂ ਨੇ ਮੁਲਤਾਨੀ ਅਤੇ ਉਸਦੇ ਸਾਥੀਆਂ ਦੀ ਪਾਕਿਸਤਾਨ ਤੋਂ ਹਥਿਆਰ ਅਤੇ ਗੋਲਾ-ਬਾਰੂਦ ਲਿਆਉਣ ਵਿੱਚ ਮਦਦ ਕੀਤੀ ਸੀ। ਜਿਸ ਤੋਂ ਬਾਅਦ ਐਸਐਸਓਸੀ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਜੱਗੂ ਦਾ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਪਿਛਲੇ ਸਾਲ ਦਸੰਬਰ ਵਿੱਚ ਅੱਤਵਾਦੀ ਜਸਵਿੰਦਰ ਸਿੰਘ ਮੁਲਤਾਨੀ ਨੂੰ ਭਾਰਤ ਸਰਕਾਰ ਨੇ ਜਰਮਨੀ ਤੋਂ ਗ੍ਰਿਫਤਾਰ ਕੀਤਾ ਸੀ। ਮਾਰਚ 2022 ਨੂੰ ਐਸਐਸਓਸੀ ਅੰਮ੍ਰਿਤਸਰ ਦੀ ਟੀਮ ਨੇ ਮੁਲਤਾਨੀ ਵਿਰੁੱਧ ਵਿਦੇਸ਼ਾਂ ਤੋਂ ਹਥਿਆਰ ਮੁਹੱਈਆ ਕਰਵਾਉਣ ਅਤੇ ਪੰਜਾਬ ਵਿੱਚ ਸਲੀਪਰ ਸੈੱਲਾਂ ਨੂੰ ਸਰਗਰਮ ਕਰਨ ਲਈ ਕੇਸ ਦਰਜ ਕੀਤਾ ਸੀ।
ਤਰਨਤਾਰਨ ਪੁਲਿਸ ਨੇ ਉਸਦੇ ਇੱਕ ਸਾਥੀ ਕੋਲੋਂ ਦੋ ਹੈਂਡ ਗ੍ਰਨੇਡ ਵੀ ਬਰਾਮਦ ਕੀਤੇ ਹਨ। ਜਸਵਿੰਦਰ ਸਿੰਘ ਮੁਲਤਾਨੀ ਮੂਲ ਰੂਪ ਵਿੱਚ ਹੁਸ਼ਿਆਰਪੁਰ ਦੇ ਮੁਕੇਰੀਆਂ ਦਾ ਰਹਿਣ ਵਾਲਾ ਹੈ ਅਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਜਥੇਬੰਦੀ ਸਿੱਖ ਫਾਰ ਜਸਟਿਸ ਨਾਲ ਜੁੜਿਆ ਹੋਇਆ ਹੈ। ਪਿਛਲੇ ਸਾਲ 23 ਦਸੰਬਰ ਨੂੰ ਲੁਧਿਆਣਾ ਅਦਾਲਤ ਵਿੱਚ ਹੋਏ ਬੰਬ ਧਮਾਕੇ ਵਿੱਚ ਵੀ ਮੁਲਤਾਨੀ ਦਾ ਨਾਂ ਸਾਹਮਣੇ ਆਇਆ ਸੀ।
- ਰਿਪੋਰਟਰ ਮਨਿੰਦਰ ਸਿੰਘ ਮੋਂਗਾ ਦੇ ਸਹਿਯੋਗ ਨਾਲ
- PTC NEWS