Gangster Arsh Dalla Audio Viral : ਗੈਂਗਸਟਰ ਅਰਸ਼ ਡੱਲਾ ਦੀ ਆਡੀਓ ਵਾਇਰਲ, ਕਿਹਾ- ਗੁਰਪ੍ਰੀਤ ਸਿੰਘ ਦੇ ਕਤਲ ’ਚ MP ਅੰਮ੍ਰਿਤਪਾਲ ਸਿੰਘ ਨਹੀਂ ਹੈ ਸ਼ਾਮਲ, ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਵੀ ਦਿੱਤੀ ਧਮਕੀ !
Gangster Arsh Dalla Audio Viral : ਫਰੀਦਕੋਟ ਦੇ ਗੁਰਪ੍ਰੀਤ ਸਿੰਘ ਕਤਲ ਮਾਮਲੇ ਵਿੱਚ ਜਿੱਥੇ ਪੁਲਿਸ ਨੇ ਵੱਡੇ ਖੁਲਾਸੇ ਕਰਦੇ ਹੋਏ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਵਿਦੇਸ਼ ਬੈਠੇ ਗੈਂਗਸਟਰ ਅਰਸ਼ ਡੱਲਾ ਨੂੰ ਨਾਮਜ਼ਦ ਕੀਤਾ ਹੈ। ਉਥੇ ਹੀ ਹੁਣ ਮਾਮਲੇ ਸਬੰਧੀ ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ। ਆਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਸਾਂਸਦ ਅੰਮ੍ਰਿਤਪਾਲ ਸਿੰਘ ਗੁਰਪ੍ਰੀਤ ਦੇ ਕਤਲ ਵਿੱਚ ਸ਼ਾਮਲ ਨਹੀਂ ਹੈ।
ਆਡੀਓ ਹੋਈ ਵਾਇਰਲ
ਗੁਰਪ੍ਰੀਤ ਸਿੰਘ ਕਤਲ ਮਾਮਲੇ ਸਬੰਧੀ ਇੱਕ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਆਡੀਓ ਵਾਲਾ ਵਿਅਕਤੀ ਆਪਣੇ ਆਪ ਨੂੰ ਅਰਸ਼ ਡੱਲਾ ਦੱਸ ਰਿਹਾ ਹੈ। ਆਡੀਓ ਵਿੱਚ ਉਹ ਕਹਿ ਰਿਹਾ ਕਿ ਗੁਰਪ੍ਰੀਤ ਸਿੰਘ ਦੀਆਂ ਸਾਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਉਹ ਔਰਤਾਂ ਦੀਆਂ ਫੋਟੋਆਂ ਨਾਲ ਛੇੜਛਾੜ (ਐਡੀਟ) ਕਰਕੇ ਵਾਇਰਲ ਕਰਦਾ ਹੈ, ਜਦੋਂ ਅਸੀਂ ਇਸ ਦਾ ਫੇਸਬੁੱਕ ਖਾਤਾ ਚੈੱਕ ਕੀਤਾ ਤਾਂ ਇਸਨੇ ਫੋਟੋਆਂ ਦਾ ਐਡੀਟ ਕਰਕੇ ਪਾਈਆਂ ਹੋਈਆਂ ਸਨ, ਇਸ ਤੋਂ ਇਲਾਵਾ ਇਹ ਸਿੱਖ ਆਗੂਆਂ ਬਾਰੇ ਵੀ ਗਲਤ ਲਿਖਕੇ ਪਾ ਰਿਹਾ ਸੀ।
ਆਡੀਓ ਵਿੱਚ ਅਰਸ਼ ਡੱਲਾ ਨੇ ਕਿਹਾ ਕਿ ਜਦੋਂ ਮੈਂ ਇਸਨੂੰ ਫੋਨ ਕੀਤਾ ਤੇ ਕਿਹਾ ਵੀਰ ਤੂੰ ਔਰਤਾਂ ਦੀਆਂ ਫੋਟੋਆਂ ਨਾਲ ਛੇੜਛਾੜ ਕਰਕੇ ਨਾ ਪਾ ਤਾਂ ਗੁਰਪ੍ਰੀਤ ਸਿੰਘ ਮੈਨੂੰ ਗਾਲ੍ਹਾਂ ਕੱਢਣ ਲੱਗ ਗਿਆ, ਜਿਸ ਤੋਂ ਬਾਅਦ ਮੈਂ ਕਿਹਾ ਕਿ ਹੁਣ ਤਾਂ ਤੈਨੂੰ ਮਾਰਕੇ ਹੀ ਹਟਾਂਗੇ। ਮੈਨੂੰ ਅੱਗੋ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਕਰਨਾ ਕਰ ਲੈ ਤੇ ਫਿਰ ਫੋਨ ਕੱਟ ਦਿੱਤਾ। ਆਡੀਓ ਵਿੱਚ ਉਸਨੇ ਕਿਹਾ ਕਿ ਅਸੀਂ ਉਹ ਹਰ ਇੱਕ ਬੰਦੇ ਨੂੰ ਮਾਰ ਦੇਵਾਂਗੇ ਜੋ ਸਿੱਖ ਕੌਂਮ ਨੂੰ ਬਦਨਾਮ ਕਰ ਰਿਹਾ ਤੇ ਗਲਤ ਪ੍ਰਚਾਰ ਕਰ ਰਿਹਾ ਹੈ।
ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਵੀ ਧਮਕੀ
ਇਸ ਤੋਂ ਇਲਾਵਾ ਆਡੀਓ ਵਿੱਚ ਗੈਂਗਸਟਰ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਵੀ ਧਮਕੀ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਗਲਤ ਵੀਡੀਓ ਬਣਾਉਣੀ ਬੰਦ ਕਰ ਦੇਣ ਨਹੀਂ ਤਾਂ ਅਸੀਂ ਉਹਨਾਂ ਦੇ ਪਰਿਵਾਰ ਅਤੇ ਬੱਚੇ ਮਾਰ ਦੇਵਾਂਗੇ। ਹਾਲਾਂਕਿ ਪੀਟੀਸੀ ਨਿਊਜ਼ ਇਸ ਆਡੀਓ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ, ਇਹ ਸਿਰਫ਼ ਵਾਇਰਲ ਹੋ ਰਹੀ ਹੈ।
9 ਅਕਤੂਬਰ ਨੂੰ ਹੋਇਆ ਸੀ ਕਤਲ
ਦੱਸ ਦਈਏ ਕਿ ਫਰੀਦਕੋਟ ਦੇ ਸਦਰ ਥਾਣੇ ਅਧੀਨ ਪੈਂਦੇ ਪਿੰਡ ਹਰੀਨੌ ਵਿੱਚ 9 ਅਕਤੂਬਰ ਦੀ ਸ਼ਾਮ ਨੂੰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੁਰਪ੍ਰੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਗੁਰਪ੍ਰੀਤ ਸਿੰਘ ਬੁੱਧਵਾਰ ਸ਼ਾਮ ਨੂੰ ਆਪਣੇ ਪਿੰਡ ਵਿੱਚ ਸਰਪੰਚ ਦੇ ਅਹੁਦੇ ਲਈ ਮਹਿਲਾ ਉਮੀਦਵਾਰ ਲਈ ਚੋਣ ਪ੍ਰਚਾਰ ਕਰਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਤਿੰਨ ਤੋਂ ਚਾਰ ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਗੁਰਪ੍ਰੀਤ ਸਿੰਘ ਨੂੰ ਫ਼ਰੀਦਕੋਟ ਦੇ ਗੁਰੂਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੁਝ ਸਮਾਂ ਪਹਿਲਾਂ ਗੁਰਪ੍ਰੀਤ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ।
ਇਹ ਵੀ ਪੜ੍ਹੋ : Gurpreet Singh Hari Nau Murder Case : ਗੁਰਪ੍ਰੀਤ ਸਿੰਘ ਹਰੀ ਨੌ ਕਤਲਕਾਂਡ ਮਾਮਲੇ ’ਚ MP ਅੰਮ੍ਰਿਤਪਾਲ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ
- PTC NEWS