ਗਮਾਡਾ ਦੀ ਵੱਡੀ ਕਾਰਵਾਈ, ਚੰਡੀਗੜ੍ਹ BJP ਦੇ ਮੀਤ ਪ੍ਰਧਾਨ ਬਬਲਾ ਦਾ ਫਾਰਮ ਹਾਊਸ ਸੀਲ
ਪੀਟੀਸੀ ਨਿਊਜ਼ ਡੈਸਕ: ਚੰਡੀਗੜ੍ਹ ਮੇਅਰ ਚੋਣਾਂ ਦੇ ਮਾਮਲੇ 'ਚ ਭਾਜਪਾ ਨੂੰ ਅਜੇ ਰਾਹਤ ਨਹੀਂ ਮਿਲੀ ਹੈ, ਹੁਣ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GAMADA) ਨੇ ਚੰਡੀਗੜ੍ਹ ਭਾਜਪਾ ਦੇ ਮੀਤ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੂੰ ਵੱਡਾ ਝਟਕਾ ਦਿੱਤਾ ਹੈ। ਗਮਾਡਾ ਵੱਲੋਂ ਭਾਜਪਾ ਆਗੂ ਦਾ ਫਾਰਮ ਹਾਊਸ ਸੀਲ ਕਰ ਦਿੱਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਗਮਾਡਾ ਵੱਲੋਂ ਇਸ ਨੂੰ ਸੀਲ ਕਰਨ ਪਿੱਛੇ ਨਿਯਮਾਂ ਦੀ ਉਲੰਘਣਾ ਦੱਸਿਆ ਗਿਆ ਹੈ।
ਗਮਾਡਾ ਨੇ ਭਾਜਪਾ ਮੀਤ ਪ੍ਰਧਾਨ ਦਵਿੰਦਰ ਸਿੰਘ ਬਬਲਾ ਦਾ ਮੁੱਲਾਂਪੁਰ ਵਾਲਾ ਫਾਰਮ ਹਾਊਸ ਸੀਲ ਕੀਤਾ ਹੈ, ਜੋ ਕਿ ਮੁੱਲਾਂਪੁਰ ਨਾਲ ਲੱਗਦੇ ਪਿੰਡ ਪੜੌਲ ਵਿੱਚ ਸਥਿਤ ਹੈ। ਫਾਰਮ ਨੂੰ ਸੀਲ ਕਰਨ ਪਿੱਛੇ ਗਮਾਡਾ ਨੇ ਨਿਯਮਾਂ ਦੀ ਉਲੰਘਣਾ ਦਾ ਕਾਰਨ ਦੱਸਿਆ ਹੈ। ਗਮਾਡਾ ਦਾ ਕਹਿਣਾ ਹੈ ਕਿ ਫਾਰਮਹਾਊਸ ਦੀ ਕਾਰੋਬਾਰੀ ਵਰਤੋਂ ਕੀਤੀ ਜਾ ਰਹੀ ਸੀ, ਜੋ ਕਿ ਨਿਯਮਾਂ ਦੇ ਉਲਟ ਹੈ।
ਦੂਜੇ ਪਾਸੇ, ਭਾਜਪਾ ਆਗੂ ਨੇ ਫਾਰਮ ਹਾਊਸ ਸੀਲ ਕਰਨ ਸਬੰਧੀ ‘ਆਪ’ ’ਤੇ ਬਦਲਾਖੋਰੀ ਦੇ ਦੋਸ਼ ਲਗਾਏ ਹਨ। ਬਬਲਾ ਨੇ ਇਸ ਕਾਰਵਾਈ ਪਿੱਛੇ ਆਮ ਆਦਮੀ ਪਾਰਟੀ (AAP) ਦਾ ਹੱਥ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ‘ਆਪ’ ਦੇ ਇੱਕ ਸੀਨੀਅਰ ਆਗੂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਰ ਕੇ ‘ਆਪ’ ਨੇ ਉਨ੍ਹਾਂ ਦੇ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਹੈ।
ਬਬਲਾ ਨੇ ਕਿਹਾ ਕਿ ਫਾਰਮ ਹਾਊਸ ਸਬੰਧੀ ਸਾਰੀਆਂ ਪ੍ਰਵਾਨਗੀਆਂ ਲਈਆਂ ਹੋਈਆਂ ਸਨ, ਇਹ ਪੰਜਾਬ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਫਾਰਮ ਹਾਊਸ ਨੂੰ ਬਾਹਰ ਤੋਂ ਸੀਲ ਕਰ ਦਿੱਤਾ ਹੈ ਜਦੋਂਕਿ ਫਾਰਮ ਹਾਊਸ ਵਿੱਚ ਚਾਰ ਘੋੜੇ, 100 ਦੇ ਕਰੀਬ ਕਬੂਤਰ ਅਤੇ ਨੌਕਰ ਰਹਿ ਰਹੇ ਹਨ। ਉਨ੍ਹਾਂ ਨੂੰ ਵੀ ਅੰਦਰ ਹੀ ਬੰਦ ਕਰ ਦਿੱਤਾ ਹੈ।
-