Gajak viral video : ਗੱਚਕ ਖਾਣ ਵਾਲੇ ਸਾਵਧਾਨ! ਵਾਇਰਲ ਵੀਡੀਓ ਨਾਲ ਮੱਚਿਆ ਹੜਕੰਪ, ਗੋਨਿਆਣਾ ਮੰਡੀ 'ਚ ਫੈਕਟਰੀ ਸੀਲ
Gachak Viral Video : ਜੇਕਰ ਤੁਸੀ ਵੀ ਗੱਚਕ ਖਾਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ। ਬਠਿੰਡਾ ਦੇ ਕਸਬਾ ਗੋਨਿਆਣਾ ਮੰਡੀ ਵਿੱਚ ਸਿਹਤ ਵਿਭਾਗ ਨੇ ਇੱਕ ਗੱਚਕ ਫੈਕਟਰੀ ਸੀਲ ਕੀਤੀ ਹੈ। ਫੈਕਟਰੀ ਸੀਲ ਕਰਨ ਪਿੱਛੇ ਪੈਰਾਂ ਨਾਲ ਗੱਚਕ ਤਿਆਰ ਕੀਤੀ ਜਾਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਗੱਚਕ ਤਿਆਰ ਕੀਤੇ ਜਾਣ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਗੋਨਿਆਣਾ ਮੰਡੀ ਦੇ ਦਸ਼ਮੇਸ਼ ਨਗਰ ਗਲੀ ਨੰਬਰ 3/1 ਵਿੱਚ ਇੱਕ ਗੱਚਕ ਫੈਕਟਰੀ ਦੀ ਪਿਛਲੇ ਦਿਨੀ ਇੱਕ ਸਮਾਜ ਸੇਵਕ ਵੱਲੋਂ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਸੀ। ਇਸ ਫੈਕਟਰੀ ਵਿੱਚ ਮਸ਼ੀਨਾਂ ਦੀ ਥਾਂ 'ਤੇ ਮਨੁੱਖੀ ਹੱਥਾਂ ਨਾਲ ਗੱਚਕ ਨੂੰ ਤਿਆਰ ਕੀਤਾ ਜਾਂਦਾ ਸੀ ਅਤੇ ਹੱਥਾਂ ਦੇ ਨਾਲ-ਨਾਲ ਗੰਦੇ-ਮੰਦੇ ਪੈਰਾਂ ਦੀ ਵਰਤੋਂ ਕਰਕੇ ਮੂੰਗ਼ਫਲੀ ਦਾ ਛਿਲਕਾ ਉਤਾਰਿਆ ਜਾਂਦਾ ਸੀ, ਜੋ ਕਿ ਬਣਾਈ ਗਈ ਵੀਡੀਓ ਵਿੱਚ ਸਾਫ ਦਿਸ ਰਿਹਾ ਸੀ। ਇਸ ਵੀਡੀਓ 'ਤੇ ਐਕਸ਼ਨ ਲੈਂਦੇ ਹੋਏ ਜ਼ਿਲ੍ਹਾ ਸਿਹਤ ਅਧਿਕਾਰੀ ਨੇ ਕਾਰਵਾਈ ਲਈ ਹਦਾਇਤਾਂ ਕੀਤੀਆਂ ਤਾਂ ਸਿਹਤ ਇੰਸਪੈਕਟਰ ਨਵਦੀਪ ਸਿੰਘ ਚਹਿਲ ਦੀ ਅਗਵਾਈ ਵਿੱਚ ਇਸ ਫੈਕਟਰੀ ਉੱਤੇ ਛਾਪਾ ਮਾਰਿਆ। ਇਸ ਦੌਰਾਨ ਮੌਕੇ ਤੋਂ ਬਰਾਮਦ ਹੋਈ ਸਾਢੇ ਚਾਰ ਕੁਇੰਟਲ ਗੱਚਕ ਨੂੰ ਸੀਲ ਕਰਕੇ ਸੈਂਪਲ ਲੈ ਲਏ ਗਏ ਹਨ।
ਜਾਣਕਾਰੀ ਅਨੁਸਾਰ ਗੱਚਕ ਫੈਕਟਰੀ ਦੇ ਮਾਲਕ ਕੋਲੋਂ ਕੋਈ ਵੀ ਲਾਇਸੰਸ ਨਹੀਂ ਮਿਲਿਆ, ਜੋ ਕਿ ਅਣ-ਅਧਿਕਾਰਤ ਤਰੀਕੇ ਨਾਲ ਹੀ ਇਹ ਫੈਕਟਰੀ ਚਲਾਈ ਜਾ ਰਹੀ ਸੀ। ਇਸ ਸਬੰਧੀ ਸਿਹਤ ਅਧਿਕਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਦੇਖਣ ਤੋਂ ਪਤਾ ਲੱਗਿਆ ਕਿ ਗੱਚਕ ਨੂੰ ਬਣਾਉਣ ਦਾ ਤਰੀਕਾ ਵੀ ਬਿਲਕੁਲ ਅਣ-ਅਧਿਕਾਰਤ ਹੈ ਅਤੇ ਕੋਈ ਵੀ ਇੱਥੇ ਸਾਫ-ਸਫਾਈ ਦਾ ਪ੍ਰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸੈਂਪਲ ਲੈ ਲਏ ਗਏ ਹਨ। ਜਦਕਿ ਫੈਕਟਰੀ ਮਾਲਕ ਵਿਨੋਦ ਕੁਮਾਰ ਦਾ ਚਲਾਨ ਕੱਟ ਕੇ ਬਠਿੰਡਾ ਏਡੀਸੀ ਦਫਤਰ ਦੀ ਕਾਰਵਾਈ ਵਿੱਚ ਸ਼ਾਮਿਲ ਹੋਣ ਲਈ ਹਦਾਇਤ ਕੀਤੀ ਗਈ ਹੈ।
ਉਧਰ, ਦੂਸਰੇ ਪਾਸੇ ਏਡੀਸੀ ਬਠਿੰਡਾ ਪੂਨਮ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਹਾਲਾਤ ਵਿੱਚ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਫਿਲਹਾਲ ਉਹਨਾਂ ਵੱਲੋਂ ਸੈਂਪਲਿੰਗ ਕਰਵਾਈ ਗਈ ਹੈ, ਜੋ ਟੈਸਟ ਲਈ ਭੇਜੇ ਗਏ ਹਨ।
- PTC NEWS