ਪੰਜਾਬ 'ਚ ਡੇਂਗੂ ਦਾ ਕਹਿਰ ਜਾਰੀ, ਇਨ੍ਹਾਂ ਜ਼ਿਲਿਆਂ 'ਚ ਸਾਹਮਣੇ ਆਏ ਸਭ ਤੋਂ ਵੱਧ ਮਰੀਜ਼
ਚੰਡੀਗੜ੍ਹ, 12 ਨਵੰਬਰ: ਪੰਜਾਬ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਸਾਲ ਦੀ ਸ਼ੁਰੂਆਤ ਤੋਂ 10 ਨਵੰਬਰ ਤੱਕ 45,497 ਮਰੀਜ਼ਾਂ ਵਿੱਚੋਂ 7,586 ਡੇਂਗੂ ਪਾਜ਼ੇਟਿਵ ਪਾਏ ਗਏ ਹਨ। ਸੂਬੇ ਵਿੱਚ ਡੇਂਗੂ ਦੀ ਸਕਾਰਾਤਮਕ ਦਰ 16.18 ਫੀਸਦੀ ਹੈ। ਪਿਛਲੇ ਕੁੱਝ ਮਹੀਨਿਆਂ ਵਿੱਚ ਡੇਂਗੂ ਨਾਲ ਸੂਬੇ 'ਚ 10 ਮੌਤਾਂ ਹੋ ਚੁੱਕੀਆਂ ਹਨ। ਜ਼ਿਆਦਾਤਰ ਮਰੀਜ਼ 15-40 ਸਾਲ ਦੀ ਉਮਰ ਦੇ ਹਨ। ਸਿਹਤ ਵਿਭਾਗ ਅਨੁਸਾਰ ਇਸ ਸਾਲ 7,586 ਲੋਕ ਡੇਂਗੂ ਨਾਲ ਸੰਕਰਮਿਤ ਪਾਏ ਗਏ ਹਨ। ਕੁੱਲ ਕੇਸਾਂ ਵਿੱਚੋਂ ਸਭ ਤੋਂ ਵੱਧ ਮਾਮਲੇ ਮੁਹਾਲੀ ਜ਼ਿਲ੍ਹੇ ਤੋਂ 1,444, ਰੋਪੜ ਤੋਂ 737, ਪਠਾਨਕੋਟ ਤੋਂ 735 ਅਤੇ ਫਤਿਹਗੜ੍ਹ ਸਾਹਿਬ ਤੋਂ 622 ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਹੋਈਆਂ 10 ਮੌਤਾਂ ਵਿੱਚੋਂ ਤਿੰਨ ਪਠਾਨਕੋਟ, ਦੋ ਮੁਹਾਲੀ ਵਿੱਚ ਅਤੇ ਇੱਕ-ਇੱਕ ਰੋਪੜ, ਜਲੰਧਰ, ਬਠਿੰਡਾ, ਮਾਨਸਾ ਅਤੇ ਮੋਗਾ ਵਿੱਚ ਹੋਈਆਂ ਹਨ।
ਡੇਂਗੂ ਦੇ ਲੱਛਣ
ਇਸ ਦੇ ਮੁੱਖ ਲੱਛਣ ਹਨ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਾਰੇ ਜੋੜਾਂ ਵਿੱਚ ਦਰਦ। ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਦਿਖਾਈ ਦੇਣ ਤਾਂ ਤੁਹਾਨੂੰ ਤੁਰੰਤ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਾਂ ਆਪਣੇ ਘਰ ਨੇੜੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਡੇਂਗੂ ਦੀ ਜਾਂਚ ਅਤੇ ਇਲਾਜ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਕਿ ਬੁਖਾਰ ਹੋਣ 'ਤੇ ਪੈਰਾਸੀਟਾਮੋਲ ਦੀ ਗੋਲੀ ਲਓ, ਡਿਸਪ੍ਰੀਨ, ਬਰੂਫਿਨ ਦੀ ਵਰਤੋਂ ਬਿਲਕੁਲ ਨਾ ਕਰੋ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਚਮੜੀ 'ਤੇ ਲਾਲ ਧੱਫੜ ਅਤੇ ਖਾਰਸ਼ ਹੁੰਦੀ ਹੈ ਤਾਂ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ।
- PTC NEWS