ਬਰਾਤੀਆਂ 'ਤੇ ਮਧੂਮੱਖੀਆਂ ਦਾ ਕਹਿਰ, ਭੱਜ ਕੇ ਬਚਾਈ ਜਾਨ, ਲਾੜੇ ਸਣੇ 7 ਜਣੇ ਹੋਏ ਜ਼ਖ਼ਮੀ
ਹੁਸ਼ਿਆਰਪੁਰ : ਮਧੂਮੱਖੀਆਂ ਨੇ ਲਾੜੀ ਨੂੰ ਵਿਆਹੁਣ ਜਾ ਰਹੇ ਲਾੜੇ ਦੀ ਗੱਡੀ ਉਪਰ ਭਿਆਨਕ ਹਮਲਾ ਕਰ ਦਿੱਤਾ। ਮਧੂਮੱਖੀਆਂ ਦੇ ਕਹਿਰ ਕਾਰਨ ਲਾੜੇ ਤੇ ਬੱਚਿਆਂ ਸਮੇਤ 7 ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਪਿੰਡ ਦੇਪੁਰ ਦੇ ਜਸਵੀਰ ਸਿੰਘ ਪੁੱਤਰ ਜਗਦੀਸ਼ ਵਿਆਹੁਣ ਲਈ ਦੇਪੁਰ ਤੋਂ ਪਿੰਡ ਲੈਹੜੀਆਂ ਕਾਰ 'ਚ ਜਾ ਰਹੇ ਸਨ।
ਜਦ ਗੱਡੀ ਮੁਕੇਰੀਆਂ ਹਾਈਡਲ ਪ੍ਰੋਜੈਕਟ ਨਹਿਰ ਕੋਲ ਪੁੱਜੀ ਤਾਂ ਮਧੂਮੱਖੀਆਂ ਵੱਲੋਂ ਲਾੜੇ ਦੀ ਕਾਰ ਉਪਰ ਭਿਆਨਕ ਹਮਲਾ ਕਰ ਦਿੱਤਾ ਗਿਆ। ਕਾਰ ਦੇ ਸ਼ੀਸ਼ੇ ਖੁੱਲ੍ਹੇ ਹੋਣ ਕਾਰਨ ਮਧੂਮੱਖੀਆਂ ਦਾ ਝੁੰਡ ਗੱਡੀ ਵਿਚ ਵੜ ਗਿਆ। ਕੁਝ ਦੇਰ ਉਨ੍ਹਾਂ ਨੇ ਮੁਕਾਬਲਾ ਕੀਤਾ ਪਰ ਵਸ ਨਾ ਚੱਲਦਾ ਦੇਖ ਕੇ ਗੱਡੀ ਛੱਡ ਕੇ ਭੱਜਣ ਲਈ ਬੇਵੱਸ ਹੋ ਗਏ ਤੇ ਜਾਨ ਬਚਾਉਣ ਦਾ ਰੌਲਾ ਪਾਇਆ।
ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 40 ਕਿਲੋ ਦਾ ਬਰਗਰ ਤਿਆਰ ਕਰਕੇ ਬਣਾਇਆ ਵਿਲੱਖਣ ਰਿਕਾਰਡ
ਘਟਨਾ ਵਾਲੀ ਜਗ੍ਹਾ ਉਪਰ ਪਹੁੰਚੇ ਪਿੰਡ ਦੇ ਲੋਕਾਂ ਨੇ ਗੱਡੀ 'ਚ ਪਾ ਕੇ ਜ਼ਖ਼ਮੀ ਹੋਏ ਲੋਕਾਂ ਨੂੰ ਜਿਸ 'ਚ ਇਕ ਰਾਹਗੀਰ ਵੀ ਸੀ, ਨੇੜੇ ਪੈਂਦੇ ਸਰਕਾਰੀ ਹਸਪਤਾਲ ਹਾਜੀਪੁਰ ਵਿੱਚ ਗੰਭੀਰ ਹਾਲਤ ਵਿੱਚ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਜਸਵੀਰ ਸਿੰਘ, ਕਿਰਨਾਂ, ਨੇਹਾ ਪੂਜਾ, ਰਿਸ਼ੀ ਪੰਡਿਤ, ਬੱਚਿਆਂ ਵਿੱਚ ਪਰੀ, ਵਰੁਣ, ਜਾਨਵੀ ਤੇ ਰਾਹਗੀਰ ਕਮਲਜੀਤ ਵਜੋਂ ਹੋਈ ਹੈ। ਡਾਕਟਰਾਂ ਦਾ ਕਹਿਣਾ ਸੀ ਕਿ ਲਾੜੇ ਨੂੰ ਤਾਂ ਮੁੱਢਲੇ ਇਲਾਜ ਮਗਰੋਂ ਕੁਝ ਦੇਰ ਬਾਅਦ ਛੁੱਟੀ ਦੇ ਦਿੱਤੀ ਗਈ ਸੀ ਤੇ ਬਾਕੀਆਂ ਨੂੰ ਵੀ ਜਲਦ ਛੁੱਟੀ ਦੇ ਦਿੱਤੀ ਜਾਵੇਗੀ।
- PTC NEWS