ਹਸਪਤਾਲ ਲਈ ਖਰੀਦੇ ਏ.ਸੀ. ਅਤੇ ਫਰਿੱਜ ਹੋਏ ਗਾਇਬ; ਵਿਅਕਤੀ ਨੇ 'ਆਪ' ਵਿਧਾਇਕ 'ਤੇ ਲਾਏ ਇਲਜ਼ਾਮ
ਪੀ.ਟੀ.ਸੀ ਨਿਊਜ਼ ਡੈਸਕ : ਮੋਗਾ ਜ਼ਿਲ੍ਹੇ ਤੋਂ 'ਆਪ' ਵਿਧਾਇਕਾ ਡਾ: ਅਮਨਦੀਪ ਕੌਰ ਅਰੋੜਾ ਦਾ ਨਾਂਅ ਇੱਕ ਏ.ਸੀ. ਅਤੇ ਫਰਿੱਜ ਘੁਟਾਲੇ 'ਚ ਜੋੜਿਆ ਜਾ ਰਿਹਾ ਹੈ। ਮੋਗਾ ਦੇ ਸਾਬਕਾ ਹੈਲਥ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾ ਨੇ ਵਿਧਾਇਕ 'ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਉਸਨੂੰ ਮੋਗਾ ਹਸਪਤਾਲ ਤੋਂ ਇਸ ਲਈ ਹਟਾਇਆ ਗਿਆ ਕਿਉਂਕਿ ਉਸ ਕੋਲ ਮੋਗਾ ਸਿਵਲ ਹਸਪਤਾਲ 'ਚ ਚੱਲ ਰਹੇ ਭ੍ਰਿਸ਼ਟਾਚਾਰ ਦੇ ਕਈ ਸਬੂਤ ਸਨ।
ਮਹਿੰਦਰਪਾਲ ਲੂੰਬਾ ਨੇ ਹੁਣ ਇਸ ਬਾਬਤ ਸਬੂਤ ਵੀ ਪੇਸ਼ ਕੀਤੇ ਹਨ। ਉਨ੍ਹਾਂ ਵਿਧਾਇਕ ਅਮਨਦੀਪ ਕੌਰ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਿਵਲ ਹਸਪਤਾਲ ਦੇ ਏਅਰ ਕੰਡੀਸ਼ਨਰ ਅਤੇ ਫਰਿੱਜ ਵਿਧਾਇਕ ਦੀ ਰਿਹਾਇਸ਼ 'ਚ ਲਗਾਏ ਗਏ ਹਨ। ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਹੁਣ ਖ਼ਰੀਦਾਰੀ ਦੀਆਂ 6 ਰਸੀਦਾਂ ਵੀ ਮੀਡੀਆ ਦੇ ਸਾਹਮਣੇ ਜਨਤਕ ਕੀਤੀਆਂ ਗਈਆਂ ਹਨ। ਕਾਬਲੇਗੌਰ ਹੈ ਕਿ ਇਹ ਰਸੀਦਾਂ ਐੱਸ.ਐੱਮ.ਓ ਮੋਗਾ ਦੇ ਨਾਂਅ ’ਤੇ ਕੱਟੀਆਂ ਗਈਆਂ, ਜੋ ਕਿ ਸਾਰੀਆਂ ਅਕਾਲਸਰ ਰੋਡ ਮੋਗਾ 'ਤੇ ਸਥਿਤ ਜਨਤਾ ਇਲੈਕਟ੍ਰੋਨਿਕ ਦੀ ਦੁਕਾਨ ਤੋਂ ਖ਼ਰੀਦ ਦੀਆਂ ਹਨ। ਸਾਬਕਾ ਹੈਲਥ ਸੁਪਰਵਾਈਜ਼ਰ ਦਾ ਕਹਿਣਾ ਕਿ ਜਨਤਾ ਇਲੈਕਟ੍ਰੋਨਿਕ ਤੋਂ ਇਹ ਸਮਾਨ ਸਿਵਲ ਹਸਪਤਾਲ ਪਹੁੰਚਾਇਆ ਗਿਆ, ਪਰ ਹਸਪਤਾਲ ਵਿੱਚ ਕਿਤੇ ਵੀ ਇਹ ਏ.ਸੀ. ਜਾਂ ਫਰਿੱਜ ਨਹੀਂ ਲਗਾਏ ਗਏ ਹਨ।
ਸਬੂਤ ਵਜੋਂ ਰਸੀਦਾਂ ਕੀਤੀਆਂ ਪੇਸ਼
ਮਹਿੰਦਰਪਾਲ ਲੂੰਬਾ ਵੱਲੋਂ ਸਾਂਝੀ ਕੀਤੀਆਂ ਰਸੀਦਾਂ ਮੁਤਾਬਕ ਲੋਇਡ ਕੰਪਨੀ ਦਾ ਪਹਿਲਾ ਅਤੇ ਦੂਜਾ ਏ.ਸੀ. 15 ਅਗਸਤ 2022 ਅਤੇ 17 ਅਗਸਤ 2022 ਨੂੰ ਸਣੇ ਸਟੈਬੇਲਾਈਜ਼ਰ ਪ੍ਰਤੀ 33 ਹਜ਼ਾਰ ਯਾਨੀ ਕੁੱਲ 66 ਹਜ਼ਾਰ ਦੇ ਹਿਸਾਬ ਨਾਲ ਡਿਲੀਵਰ ਕੀਤੇ ਗਏ ਸਨ। ਡੇਢ ਟਨ ਦਾ ਤੀਜਾ ਏ.ਸੀ. 18 ਅਗਸਤ 2022 ਨੂੰ ਸਿਵਲ ਹਸਪਤਾਲ ਦੇ ਪਤੇ 'ਤੇ ਸਟੈਬੇਲਾਈਜ਼ਰ ਸਮੇਤ 37 ਹਜ਼ਾਰ ਦੀ ਕੀਮਤ 'ਚ ਦਿੱਤਾ ਗਿਆ। ਹਾਇਰ ਕੰਪਨੀ ਦਾ ਡੇਢ ਟਨ ਦਾ ਚੌਥਾ ਏ.ਸੀ. 29 ਅਗਸਤ 2022 ਨੂੰ ਸਮੇਤ ਸਟੈਬੇਲਾਈਜ਼ਰ ਹਸਪਤਾਲ ਭੇਜਿਆ ਗਿਆ ਸੀ। ਇਸੇ ਤਰ੍ਹਾਂ 30 ਜੂਨ 2022 ਅਤੇ 26 ਜੁਲਾਈ 2022 ਨੂੰ ਸਿਵਲ ਹਸਪਤਾਲ ਦੇ ਨਾਂ 'ਤੇ ਵਰਲਪੂਲ ਕੰਪਨੀ ਦੇ 2 ਫਰਿੱਜ ਦੀ ਡਿਲੀਵਰੀ ਕੀਤੀ ਗਈ ਸੀ।
ਐੱਸ.ਐੱਮ.ਓ 'ਤੇ ਲਾਏ 3 ਲੱਖ ਰੁਪਏ ਰਿਸ਼ਵਤ ਦੇ ਇਲਜ਼ਾਮ
ਲੂੰਬਾ ਨੇ ਐਸ.ਐਮ.ਓ 'ਤੇ ਮੋਗਾ 'ਚ ਤਾਇਨਾਤੀ ਦੇ ਬਦਲੇ 3 ਲੱਖ ਰੁਪਏ ਦੀ ਰਿਸ਼ਵਤ ਦੇਣ ਦਾ ਵੀ ਦੋਸ਼ ਲਗਾਇਆ ਹੈ। ਹਾਲਾਂਕਿ ਵਿਧਾਇਕ ਅਮਨਦੀਪ ਅਰੋੜਾ ਪਹਿਲਾਂ ਹੀ ਲੂੰਬਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦੇ ਚੁੱਕੇ ਹਨ। ਉਥੇ ਹੀ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਮਹਿੰਦਰਪਾਲ ਲੂੰਬਾ ਮੋਗਾ ਸਿਵਿਲ ਹਸਪਤਾਲ ਦਾ ਕਰਮਚਾਰੀ ਨਹੀਂ ਸਗੋਂ ਸਿਵਲ ਸਰਜਨ ਦਫ਼ਤਰ ਦਾ ਮੁਲਾਜ਼ਮ ਸੀ।
ਹੋਰ ਖਬਰਾਂ ਵੀ ਪੜ੍ਹੋ:
- ਗੈਂਗਸਟਰ ਗੋਲਡੀ ਬਰਾੜ ਨੇ ਕਬੂਲਿਆ ਮੂਸੇਵਾਲੇ ਦਾ ਕਤਲ; ਆਡੀਓ ਇੰਟਰਵਿਊ 'ਚ ਕੀਤਾ ਇਹ ਦਾਅਵਾ
- ਪਾਕਿਸਤਾਨ 'ਚ ਸਿੱਖਾਂ 'ਤੇ ਹੋਏ ਹਮਲੇ ਮਗਰੋਂ ਭਾਰਤ ਵੱਲੋਂ ਪਾਕਿ ਡਿਪਲੋਮੈਟ ਤਲਬ, ਜਤਾਇਆ ਸਖ਼ਤ ਇਤਰਾਜ਼
- ਰੋਜ਼ਾਨਾ ਸਪੋਕਸਮੈਨ ਨੇ ਬਾਬਾ ਨਾਨਕ ਦੇ ਨਾਂਅ 'ਤੇ ਲੋਕਾਂ ਨਾਲ ਕੀਤੀ ਕਰੋੜਾਂ ਦੀ ਠੱਗੀ: ਪੀੜਤ
- PTC NEWS