ਮੁਫ਼ਤ ਸਫ਼ਰ ਕਰਕੇ ਜਿੱਥੇ ਖੁੱਡੇ ਲਾਇਨ ਲੱਗੀਆਂ ਸਰਕਾਰੀ ਬੱਸਾਂ; ਬੀਬੀਆਂ ਨਾਲ ਵੀ ਕੀਤਾ ਜਾਂਦਾ ਵਿਤਕਰਾ
ਮੋਗਾ: ਸੱਤਾ 'ਚ ਕਾਬਜ਼ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬੜੇ ਹੀ ਜ਼ੋਰਾਂ ਸ਼ੋਰਾਂ ਨਾਲ ਇਹ ਪ੍ਰਚਾਰ ਕੀਤਾ ਜਾਂਦਾ ਸੀ ਕਿ ਇੱਕ ਵਾਰੀ ਜਿੱਤ ਮਗਰੋਂ ਉਹ ਵੱਡੇ ਘਰਾਣੇ ਦੀਆਂ ਬੱਸਾਂ ਨੂੰ ਨੱਥ ਪਾਉਣ ਦੇ ਨਾਲ ਨਾਲ ਸਰਕਾਰੀ ਬੱਸਾਂ ਨੂੰ ਸੂਬੇ ਪੱਧਰ 'ਤੇ ਕਾਮਯਾਬ ਬਣਾਉਣਗੇ।
PTC ਪੱਤਰਕਾਰ ਸਰਬਜੀਤ ਰੌਲੀ ਨੇ ਮੋਗਾ ਬੱਸ ਅੱਡੇ ਪਹੁੰਚ ਜ਼ਮੀਨੀ ਪੱਧਰ 'ਤੇ ਸੱਚ ਜਾਨਣਾ ਚਾਹਿਆ ਤਾਂ ਪਤਾ ਲੱਗਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਕੁਰਸੀ 'ਤੇ ਕਾਬਜ਼ ਤਾਂ ਹੋ ਗਏ ਨੇ, ਪਰ ਸ਼ਾਇਦ ਅੱਜੇ ਉਹ ਹੋਰ ਕੰਮਾਂ 'ਚ ਰੁੱਝੇ ਹੋਏ ਨੇ ਤਾਂ ਹੀ ਉਨ੍ਹਾਂ ਵਲੋਂ ਸਰਕਾਰੀ ਬੱਸਾਂ ਪ੍ਰਤੀ ਕੀਤੇ ਉਨ੍ਹਾਂ ਦੇ ਵਾਅਦੇ ਲਈ ਆਮ ਆਦਮੀ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਕਿਉਂਕਿ ਜੋ ਗਰਾਊਂਡ ਜ਼ੀਰੋ 'ਤੇ ਹਲਾਤ ਵੇਖਣ ਨੂੰ ਮਿਲੇ ਨੇ, ਉਨ੍ਹਾਂ ਵੇਖ ਤਾਂ ਲੋਕ ਇੰਝ ਹੀ ਕਹਿ ਰਹੇ ਕਿ 'ਮਾਨ ਸਾਬ੍ਹ ਵਾਅਦਾ ਤਾਂ ਕਰਤਾ ਪਰ ਅਫ਼ਸਰਸ਼ਾਹੀ ਤੁਹਾਡੀ ਮੰਨਦਾ ਨਹੀਂ'।
ਸਰਕਾਰੀ ਬੱਸਾਂ ਦਾ ਨਹੀਂ ਕੋਈ ਟਾਈਮ ਟੇਬਲ
ਇੱਕ ਯਾਤਰੂ ਨੇ ਪੀਟੀਸੀ ਪੱਤਰਕਾਰ ਨੂੰ ਦੱਸਿਆ ਕਿ ਉਹ ਸਵੇਰ ਦੇ ਪਰਿਵਾਰ ਸਣੇ ਸਰਕਾਰੀ ਬੱਸ ਦਾ ਇੰਤਜ਼ਾਰ ਕਰ ਰਹੇ ਸਨ ਪਰ ਦੋ ਘੰਟੇ ਬੀਤ ਜਾਣ ਮਗਰੋਂ ਵੀ ਉਨ੍ਹਾਂ ਨੂੰ ਹੁਣ ਤਾਈਂ ਕੋਈ ਸਰਕਾਰੀ ਬੱਸ ਨਹੀਂ ਮਿਲੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰੀ ਬੱਸ 'ਚ ਪਰਿਵਾਰ ਦੀਆਂ ਮਹਿਲਾਵਾਂ ਦਾ ਸਫ਼ਰ ਮੁਫ਼ਤ ਹੋ ਜਾਂਦਾ ਤਾਂ ਉਨ੍ਹਾਂ ਦਾ ਥੋੜ੍ਹਾ ਕਿਰਾਇਆ ਬੱਚ ਜਾਂਦਾ ਪਰ ਹੁਣ ਉਨ੍ਹਾਂ ਨੂੰ ਉਮੀਦ ਨਹੀਂ ਹੈ। ਜਿਸ ਕਰਕੇ ਹੁਣ ਮਜਬੂਰਨ ਪ੍ਰਾਈਵੇਟ ਬੱਸ 'ਚ ਸਫ਼ਰ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਹੈ ਪਰ ਅਫ਼ਸਰਸ਼ਾਹੀ ਉਨ੍ਹਾਂ ਦੇ ਆਖੇ ਨਹੀਂ ਲਗਦੀ।
ਮੁਫ਼ਤ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਨੂੰ ਕੀਤਾ ਜਾਂਦਾ ਜ਼ਲੀਲ
ਇੱਕ ਮਹਿਲਾ ਸਵਾਰੀ ਦਾ ਕਹਿਣਾ ਸੀ ਕਿ ਉਹ ਜਲੰਧਰ ਜਾਣ ਨੂੰ ਬੱਸ ਦੀ ਉਡੀਕ ਕਰ ਰਹੇ ਸਨ ਪਰ ਹੁਣ ਤੱਕ ਜਲੰਧਰ ਸ਼ਹਿਰ ਜਾਣ ਨੂੰ ਕੋਈ ਬੱਸ ਨਹੀਂ ਪਹੁੰਚੀ ਹੈ। ਇੱਕ ਹੋਰ ਮਹਿਲਾ ਯਾਤਰੂ ਨੇ ਦੱਸਿਆ ਕਿ ਜੇਕਰ ਬੱਸ ਆ ਵੀ ਜਾਂਦੀ ਹੈ ਤਾਂ ਰਾਹਾਂ ਵਿੱਚ ਬੱਸ ਰੋਕ ਚੜ੍ਹਨ ਦਾ ਮੌਕਾ ਨਹੀਂ ਮਿਲਦਾ। ਉਨ੍ਹਾਂ ਸਰਕਾਰ ਨੂੰ ਪੁੱਛਿਆ ਵੀ ਜਦੋਂ ਸਰਕਾਰੀ ਬੱਸ ਰੋਕਣੀ ਨਹੀਂ ਹੁੰਦੀ ਤਾਂ ਫਿਰ ਇਹ ਲਾਈਆਂ ਕਾਤੋਂ ਹੋਈਆਂ ਨੇ? ਉਨ੍ਹਾਂ ਕਿਹਾ ਕਿ ਇਸ ਕਰਕੇ ਉਹ ਬੱਸ ਅੱਡੇ ਆਏ ਸਨ ਪਰ ਹੁਣ ਇੱਥੇ ਵੀ ਬੱਸ ਨਹੀਂ ਮਿਲ ਰਹੀ ਹੈ।
ਨਾਲ ਖਲੋਤੀ ਇੱਕ ਹੋਰ ਮਹਿਲਾ ਯਾਤਰੀ ਨੇ ਕਿਹਾ ਕਿ ਬੱਸ 'ਚ ਬਿਠਾਉਣ ਤੋਂ ਪਹਿਲਾਂ ਬੱਸ ਦੇ ਡਰਾਈਵਰ ਜਾਂ ਕੰਡਕਟਰ ਉਨ੍ਹਾਂ ਦੀ ਇੰਨ੍ਹੀ ਬੇਸਤੀ ਕਰਦੇ ਨੇ ਕਿ ਉਨ੍ਹਾਂ ਦਾ ਆਪਦਾ ਜੀਅ ਨਹੀਂ ਕਰਦਾ ਸਰਕਾਰੀ ਬੱਸ 'ਚ ਬੈਠਣ ਨੂੰ ਪਰ ਹੁਣ ਮਜਬੂਰੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਜੇ ਬੱਸ ਡਰਾਈਵਰ-ਕੰਡਕਟਰ ਉਨ੍ਹਾਂ ਨੂੰ ਚੜ੍ਹਾ ਵੀ ਲੈਣ ਫਿਰ ਵੀ ਉਨ੍ਹਾਂ ਨੂੰ ਫਾਲਤੂ ਗੱਲਾਂ ਸੁਣਨ ਨੂੰ ਮਿੱਲ ਹੀ ਜਾਂਦੀਆਂ ਹਨ।
ਵੇਲ੍ਹੇ ਬੈਠੇ ਮੁਲਾਜ਼ਮਾਂ ਦਾ ਸੁਣੋ ਬਿਆਨ
ਬੱਸ ਅੱਡੇ 'ਤੇ ਬੈਠੇ ਇੱਕ ਮੁਲਾਜ਼ਮ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸੀ ਕਿ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਕਰਨ ਕਰਕੇ ਪਿੱਛੋਂ ਪੈਸਾ ਨਹੀਂ ਆ ਰਿਹਾ ਜਿਸ ਕਰਕੇ ਸਪੇਅਰ ਪਾਰਟਸ ਅਤੇ ਨਵੇਂ ਟਾਇਰ ਬਦਲਣ ਲਈ ਨਹੀਂ ਮਿਲ ਰਹੇ ਅਤੇ ਬੱਸਾਂ ਖੜੀਆਂ ਦੀ ਖੜੀਆਂ ਹਨ।
ਇੱਕ ਕੱਚੇ ਮੁਲਾਜ਼ਮ ਨੇ ਦੱਸਿਆ ਕਿ ਹਾਲਤ ਸਾਰਿਆਂ ਦੇ ਸਾਹਮਣੇ ਹਨ, ਨਾ ਤਾਂ ਪਹਿਲਾਂ ਕੋਈ ਸਪੇਅਰ ਪਾਰਟਸ ਮਿਲਦੇ ਸਨ, ਨਾ ਹੀ ਹੁਣ ਮਿਲ ਰਹੇ, ਜਿਸ ਕਰਕੇ ਮੁਲਾਜ਼ਮ ਵੇਲ੍ਹੇ ਬੈਠੇ ਨੇ ਅਤੇ ਬੱਸਾਂ ਖੜੀਆਂ ਹੋਈਆਂ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਦੋ ਮਹੀਨੇ ਹੋ ਗਏ ਨੇ ਲੇਕਿਨ ਉਨ੍ਹਾਂ ਨੂੰ ਹੁਣ ਤਾਈਂ ਤਨਖਾਹ ਤੱਕ ਨਹੀਂ ਮਿਲੀ ਹੈ।
ਇੱਕ ਹੋਰ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਹਾਲਹੀ 'ਚ ਮੀਟਿੰਗ ਹੋਈ ਅਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਬੱਸਾਂ ਦੇ ਟਾਇਰਾਂ ਦਾ ਸਟਾਕ ਆਉਣ ਵਾਲੀ 26 ਤਰੀਕ ਤੱਕ ਦੇ ਦਿੱਤਾ ਜਾਵੇਗਾ ਤਾਂ ਜੋ ਸਰਕਾਰੀ ਬੱਸਾਂ ਦਾ ਖੜੀਆਂ ਨੇ ਉਨ੍ਹਾਂ ਨੂੰ ਮੁੜ੍ਹ ਚਲਾਇਆ ਜਾ ਸਕੇ। ਦੱਸਣਯੋਗ ਹੈ ਕਿ 1700 ਦੇ ਕਰੀਬ ਸਰਕਾਰੀ ਬੱਸਾਂ ਵਿਚੋਂ 600 ਦੇ ਕਰੀਬ ਬੱਸਾਂ ਮੁਰੰਮਤ ਦੀ ਮੰਗ ਕਰਕੇ ਖੜੀਆਂ ਹਨ, ਜਿਸਦਾ ਹਰਜਾਨਾ ਆਮ ਆਦਮੀ ਨੂੰ ਤੰਗੀ ਅਤੇ ਪ੍ਰੇਸ਼ਾਨੀਆਂ ਦੇ ਰੂਪ 'ਚ ਭੁਗਤਣਾ ਪੈ ਰਿਹਾ।
- With inputs from our correspondent