Human Sacrifice Case: ਮਾਸੂਮ ਦਲਿਤ ਭੈਣ ਭਰਾ ਬਲੀ ਕਾਂਡ ਦੇ ਰਹਿੰਦੇ ਚਾਰ ਦੋਸ਼ੀ ਵੀ ਸਲਾਖ਼ਾਂ ਪਿੱਛੇ ਦਿੱਤੇ
ਮੁਨੀਸ਼ ਗਰਗ (ਬਠਿੰਡਾ): ਬਹੁਚਰਚਿਤ ਤੇ ਮਨੁੱਖਤਾ ਦੇ ਨਾਂ ਤੇ ਕਲੰਕ ਕੋਟਫ਼ੱਤਾ ’ਚ ਮਾਸੂਮ ਦਲਿਤ ਭੈਣ ਭਰਾ ਬਲੀ ਕਾਂਡ ਦੇ ਸਾਰੇ ਸੱਤੇ ਮੁਲਜ਼ਮਾਂ ਨੂੰ ਅੱਜ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ।
ਇਸ ਸੰਵੇਦਨਸੀਲ ਕੇਸ ਦੀ ਪੈਰਵਾਈ ਕਰਦੇ ਆ ਰਹੇ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਕੋਟਫ਼ੱਤਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਮੀਡੀਆ ਦੇ ਸਨਮੁੱਖ ਹੋ ਕਿਹਾ ਕਿ ਮ੍ਰਿਤਕ ਮਾਸੂਮਾਂ ਨੂੰ ਇਨਸਾਫ਼ ਦੀ ਉਮੀਦ ਜਾਗੀ ਹੈ, ਜਦੋਂ ਕਿ ਕੇਸ ਲੜ੍ਹ ਰਹੇ ਉੱਘੇ ਸੀਨੀਅਰ ਵਕੀਲ ਚਰਨਪਾਲ ਸਿੰਘ ਬਰਾੜ ਨੇ ਕਿਹਾ ਕਿ ਉਹ ਦੋਸ਼ੀਆਂ ਲਈ ਫਾਂਸੀ ਦੀ ਮੰਗ ਕਰਨਗੇ।
ਸੰਵੇਦਨਸੀਲ ਚਰਚਿਤ ਕੇਸ ਦੇ ਅੱਜ ਫੈਸਲੇ ਨੂੰ ਲੈ ਕੇ ਸਵੇਰੇ ਤੋਂ ਹੀ ਮੀਡੀਆ ਕਰਮੀ ਵੱਡੀ ਗਿਣਤੀ ਵਿਚ ਅਦਾਲਤ ’ਚ ਪੁੱਜੇ ਹੋਏ ਸਨ। ਜਿਲ੍ਹਾ ਐਡੀਸਨਲ ਸੈਸਨ ਜੱਜ ਬਲਜਿੰਦਰ ਸਿੰਘ ਸਰ੍ਹਾਂ ਨੇ ਅਦਾਲਤ ਸ਼ੁਰੂ ਹੁੰਦਿਆ ਹੀ ਦੋਸ਼ੀ ਧਿਰ ਦੀ ਹਾਜ਼ਰੀ ਲਵਾ ਕੇ ਬਾਅਦ ਦੁਪਹਿਰ ਦੋ ਵਜੇ ਦਾ ਸਮਾਂ ਨਿਸਚਿਤ ਕੀਤਾ ਤਾਂ ਉਸ ਵੇਲੇ ਤੱਕ ਪੱਤਰਕਾਰਾਂ ਦਾ ਇਕੱਠ ਹੋ ਚੁੱਕਿਆ ਸੀ।
ਜੱਜ ਸਾਹਿਬ ਨੇ ਮੁਖ ਮੁਲਜ਼ਮ ਤਾਂਤਰਿਕ ਲਖਵਿੰਦਰ ਲੱਖੀ ਦੇ ਵਕੀਲ ਛਿੰਦਰਪਾਲ ਸਿੰਘ ਬਰਾੜ ਤੇ ਜੁਪਿੰਦਰਪਾਲ ਸਿੰਘ ਬਰਾੜ ਤੇ ਮੁਲਾਜ਼ਮ ਦੇ ਉਲਟ ਚਰਨਪਾਲ ਸਿੰਘ ਬਰਾੜ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਰੇ ਮੁਲਜ਼ਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤਾਂ ਪੁਲਿਸ ਵੱਲੋਂ ਜੇਲ੍ਹੋਂ ਬਾਹਰ ਤਾਂਤਰਿਕ ਲਖਵਿੰਦਰ ਉਰਫ ਲੱਖੀ, ਮ੍ਰਿਤਕ ਮਾਸੂਮ ਬੱਚਿਆਂ ਦੀ ਦਾਦੀ ਨਿਰਮਲ ਕੌਰ, ਬੱਚਿਆ ਦੀ ਭੂਆ ਅਮਨਦੀਪ ਕੌਰ, ਜਿਸ ਦੀ ਔਲਾਦ ਖ਼ਾਤਰ ਬਲੀ ਦੇ ਦਿੱਤੀ ਗਈ ਸੀ, ਨੂੰ ਤੁਰੰਤ ਹੱਥਕੜੀਆਂ ਲਗਾ ਕੇ ਸਲਾਖ਼ਾਂ ਪਿੱਛੇ ਤੋਰ ਦਿੱਤਾ ਗਿਆ।
ਇਸ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆ ਵਕੀਲ ਚਰਨਪਾਲ ਸਿੰਘ ਬਰਾੜ ਨੇ ਕਿਹਾ ਕਿ ਇਸ ਭਿਆਨਕ ਕਤਲ ਕਾਂਡ ਲਈ ਉਹ ਸਾਰੇ ਮੁਲਾਜ਼ਮਾਂ ਲਈ ਜੱਜ ਸਾਹਿਬ ਤੋਂ ਫਾਂਸੀ ਦੀ ਮੰਗ ਕਰਨਗੇ, ਜਦੋਂ ਕਿ ਇਨਸਾਫ਼ ਕਮੇਟੀ ਦੇ ਆਗੂ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਕਿਹਾ ਕਿ ਉਹਨਾਂ ਦੇ ਛੇ ਸਾਲ ਤੋਂ ਵੱਧ ਸਮੇਂ ਦੇ ਸੰਘਰਸ਼ ਨੂੰ ਬੂਰ ਪਿਆ ਹੈ ਤੇ ਉਹਨਾਂ ਨੂੰ ਬਹੁਤ ਉਮੀਦਾਂ ਹਨ ਕਿ ਅਜੋਕੇ ਯੁੱਗ ਵਿੱਚ ਮਾਸੂਮ ਦਲਿਤ ਭੈਣ ਭਰਾ ਦੀ ਬਲੀ ਦੇਣ ਦੇ ਦੋਸ਼ੀਆਂ ਨੂੰ ਅਜਿਹੀ ਲਾਸਾਨੀ ਸਜ਼ਾ ਮਿਲੇਗੀ ਕਿ ਕੋਈ ਇਸ ਤਰ੍ਹਾਂ ਦਾ ਘਿਨੌਣਾ, ਮਨੁੱਖਤਾ ਦੇ ਨਾਂ ’ਤੇ ਕਲੰਕ ਵਰਤਾਰੇ ਬਾਰੇ ਸੋਚਣਗੇ ਵੀ ਨਹੀਂ।
ਜ਼ਿਕਰਯੋਗ ਬਠਿੰਡਾ ਜਿਲ੍ਹੇ ਦੇ ਪਿੰਡ ਕੋਟਫ਼ੱਤਾ ਵਿਚ ਛੇ ਸਾਲ ਪਹਿਲਾ 8 ਮਾਰਚ 2017 ਦੀ ਰਾਤ ਨੂੰ ਮੁਖ ਦੋਸ਼ੀ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਵੱਲੋਂ ਉਤਸਾਹਿਤ ਕਰਨ ’ਤੇ ਅੱਠ ਸਾਲਾਂ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਭੈਣ ਅਨਾਮਿਕਾ ਕੌਰ ਦੀ ਉਹਨਾਂ ਦੇ ਘਰ ਮ੍ਰਿਤਕਾਂ ਦੇ ਪਰਿਵਾਰ ਵੱਲੋਂ ਬੇਰਿਹਮੀ ਨਾਲ ਬਲੀ ਦੇ ਦਿੱਤੀ ਗਈ ਸੀ। ਜਿਸ ਵਿਚ ਸੱਤ ਦੋਸ਼ੀ, ਮ੍ਰਿਤਕ ਬੱਚਿਆਂ ਦੀ ਦਾਦੀ, ਪਿਤਾ, ਮਾਤਾ, ਚਾਚਾ, ਦੋ ਭੂਆ ਤੇ ਇਕ ਤਾਂਤਰਿਕ ਸ਼ਾਮਲ ਸਨ।
- PTC NEWS