Dr. Manmohan Singh Silence Story : ਕਈ ਇਲਜ਼ਾਮਾਂ ਮਗਰੋਂ ਇੰਝ ਟੁਟਿੱਆ ਸੀ ਡਾ. ਮਨਮੋਹਨ ਸਿੰਘ ਦਾ ਮੌਨ, ਸਿਰਫ ਇੱਕ ਗੱਲ ਕਹਿ ਕੇ ਹੋ ਗਏ ਸਦਾ ਲਈ 'ਅਮਰ'
Dr. Manmohan Singh Silence Story : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਵੀਰਵਾਰ ਰਾਤ ਜਿਵੇਂ ਹੀ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਹੋਈ, ਰਾਸ਼ਟਰਪਤੀ ਭਵਨ 'ਚ ਰਾਸ਼ਟਰੀ ਝੰਡਾ ਅੱਧਾ ਝੁਕਾ ਦਿੱਤਾ ਗਿਆ। ਨਾਲ ਹੀ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਅੱਜ ਦੇ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਹੁਣ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਜਾਵੇਗੀ।
ਮਨਮੋਹਨ ਸਿੰਘ ਨੂੰ ਸੁਣਨ ਦੇ ਚਾਹਵਾਨ ਲੋਕ ਅਕਸਰ ਸ਼ਿਕਾਇਤ ਕਰਦੇ ਸੀ ਕਿ ਡਾ. ਮਨਮੋਹਨ ਸਿੰਘ ਕੁਝ ਬੋਲਦੇ ਹੀ ਨਹੀਂ। ਹਾਲਾਂਕਿ ਉਨ੍ਹਾਂ ਨੂੰ ਸਮਝਣ ਵਾਲੇ ਜਾਣਦੇ ਸੀ ਕਿ ਮਨਮੋਹਨ ਆਪਣੀ ਜ਼ੁਬਾਨ ਦੀ ਵਰਤੋਂ ਕਰਨ ਵਿੱਚ ਨਹੀਂ ਸਗੋਂ ਆਪਣੀ ਕਲਮ ਦੀ ਵਰਤੋਂ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਇੱਕ ਵਾਰ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਡਾ. ਮਨਮੋਹਨ ਸਿੰਘ ਨੇ ਕੁਝ ਅਜਿਹਾ ਕਿਹਾ ਸੀ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੇ ਇਹ ਸ਼ਬਦ ਸਦਾ ਲਈ ਅਮਰ ਹੋ ਗਏ।
ਮੀਡੀਆ ਅਤੇ ਵਿਰੋਧੀ ਧਿਰ ਹੋ ਗਏ ਸ਼ਾਂਤ
2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੰਬੀ ਪਾਰੀ ਖੇਡਣ ਵਾਲੀ ਕਾਂਗਰਸ ਪਾਰਟੀ ਹੌਲੀ-ਹੌਲੀ ਕਮਜ਼ੋਰ ਹੁੰਦੀ ਜਾ ਰਹੀ ਸੀ। ਪਾਰਟੀ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਸੀ। ਕਿਉਂਕਿ ਉਸ ਸਮੇਂ ਮਨਮੋਹਨ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਸਨ, ਉਨ੍ਹਾਂ 'ਤੇ ਵੀ ਬਹੁਤ ਹਮਲੇ ਹੋਏ ਸਨ। ਪਰ ਜਦੋਂ ਡਾ. ਮਨਮੋਹਨ ਸਿੰਘ ਦੀ ਚੁੱਪ ਟੁੱਟੀ ਤਾਂ ਹਰ ਕੋਈ ਹੱਕਾ-ਬੱਕਾ ਰਹਿ ਗਿਆ। 2014 ਵਿੱਚ ਅਹੁਦਾ ਛੱਡਣ ਤੋਂ ਪਹਿਲਾਂ, ਡਾ. ਮਨਮੋਹਨ ਸਿੰਘ ਨੇ ਮੀਡੀਆ ਦੇ ਸਵਾਲਾਂ ਅਤੇ ਵਿਰੋਧੀ ਧਿਰ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਮੈਂ ਇਹ ਪੂਰੀ ਇਮਾਨਦਾਰੀ ਅਤੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਇਤਿਹਾਸ ਮੇਰੇ 'ਤੇ ਸਮਕਾਲੀ ਮੀਡੀਆ ਜਾਂ ਸੰਸਦ ਵਿੱਚ ਵਿਰੋਧੀ ਧਿਰ ਨਾਲੋਂ ਵੱਧ ਮਿਹਰਬਾਨ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ 'ਤੇ ਕਈ ਸਿਆਸੀ ਦਬਾਅ ਸਨ, ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਸਰਵੋਤਮ ਪ੍ਰਦਰਸ਼ਨ ਦਿੱਤਾ ਹੈ। ਮਨਮੋਹਨ ਸਿੰਘ ਹਮੇਸ਼ਾ ਦੇਸ਼ ਦੇ ਨੇਤਾ ਵਜੋਂ ਜਾਣੇ ਜਾਂਦੇ ਰਹਿਣਗੇ। ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਦੇ ਹਿੱਤ ਵਿੱਚ ਕੰਮ ਕੀਤਾ ਹੈ।
ਇਤਿਹਾਸ ਵਿੱਚ ਦਰਜ ਹੈ ਜਵਾਬ
2014 ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਆਪਣੀ ਐਂਟਰੀ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਭਾਜਪਾ ਨੇ ਕਾਂਗਰਸ ਸਰਕਾਰ 'ਤੇ ਕਈ ਗੰਭੀਰ ਇਲਜ਼ਾਮ ਲਾਏ ਸੀ। ਮਨਮੋਹਨ ਸਿੰਘ ਬਾਰੇ ਕਿਹਾ ਜਾਂਦਾ ਸੀ ਕਿ ਕੁਰਸੀ 'ਤੇ ਬੈਠੇ ਉਹ ਸਿਰਫ਼ ਪ੍ਰਧਾਨ ਮੰਤਰੀ ਹਨ, ਜੋ ਸਿਰਫ਼ ਗਾਂਧੀ ਪਰਿਵਾਰ ਦੇ ਫ਼ੈਸਲੇ ਹੀ ਜਨਤਾ ਦੇ ਸਾਹਮਣੇ ਰੱਖਦੇ ਹਨ। ਇਨ੍ਹਾਂ ਸਾਰੇ ਦੋਸ਼ਾਂ ਅਤੇ ਆਲੋਚਨਾਵਾਂ ਦਾ ਜਵਾਬ ਦਿੰਦੇ ਹੋਏ ਮਨਮੋਹਨ ਸਿੰਘ ਨੇ ਇਕ ਵਾਰ ਮੀਡੀਆ ਦੇ ਸਾਹਮਣੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਇਤਿਹਾਸ ਵਿੱਚ ਯਾਦ ਕੀਤਾ ਜਾਵੇਗਾ। ਉਨ੍ਹਾਂ ਆਪਣੇ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੂੰ ਵੀ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ। ਇਸ ਦੌਰਾਨ ਮਨਮੋਹਨ ਸਿੰਘ ਨੇ ਗੁਜਰਾਤ ਦੰਗਿਆਂ ਦਾ ਜ਼ਿਕਰ ਕਰਦੇ ਹੋਏ ਪੀਐੱਮ ਉਮੀਦਵਾਰ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਸੀ। ਪਰ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਨੇ ਕਈ ਵਾਰ ਉਨ੍ਹਾਂ ਨਾਲ ਮੁਲਾਕਾਤ ਕੀਤੀ। ਅੱਜ ਉਨ੍ਹਾਂ ਦੇ ਦੇਹਾਂਤ 'ਤੇ ਪੀਐੱਮ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਾ. ਮਨਮੋਹਨ ਸਿੰਘ ਨੂੰ ਆਪਣਾ ਮਾਰਗ ਦਰਸ਼ਕ ਦੱਸਿਆ ਹੈ।
- PTC NEWS