ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ
ਦੁਬਈ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਦੇਹਾਂਤ ਹੋ ਗਿਆ। ਪਾਕਿਸਤਾਨ ਮੀਡੀਆ ਦੇ ਹਵਾਲੇ ਤੋਂ ਪਰਵੇਜ਼ ਮੁਸ਼ੱਰਫ਼ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮੁਸ਼ੱਰਫ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਦੁਬਈ ਦੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
Former President of Pakistan, General Pervez Musharraf (Retd) passes away after a prolonged illness, at a hospital in Dubai: Pakistan's Geo News pic.twitter.com/W1fGRVb6xZ
— ANI (@ANI) February 5, 2023
79 ਸਾਲਾ ਮੁਸ਼ੱਰਫ ਐਮੀਲੋਇਡੋਸਿਸ ਨਾਂ ਦੀ ਬਿਮਾਰੀ ਤੋਂ ਪੀੜਤ ਸਨ। ਇਸ ਬਿਮਾਰੀ 'ਚ ਪੂਰੇ ਸਰੀਰ ਦੇ ਅੰਗਾਂ ਅਤੇ ਟਿਸ਼ੂਆਂ ਵਿਚ ਐਮੀਲੋਇਡ ਨਾਮਕ ਇਕ ਅਸਧਾਰਨ ਪ੍ਰੋਟੀਨ ਬਣਦਾ ਹੈ। ਫੌਜੀ ਸ਼ਾਸਕ ਦਾ ਦੁਬਈ 'ਚ ਇਲਾਜ ਚੱਲ ਰਿਹਾ ਸੀ। ਮੁਸ਼ੱਰਫ ਦਾ ਜਨਮ 11 ਅਗਸਤ 1943 ਨੂੰ ਦਿੱਲੀ 'ਚ ਹੋਇਆ ਸੀ। ਉਸ ਨੇ 1999 'ਚ ਦੇਸ਼ ਵਿਚ ਮਾਰਸ਼ਲ ਲਾਅ ਲਾਗੂ ਹੋਣ ਤੋਂ ਬਾਅਦ ਮੁੱਖ ਕਾਰਜਕਾਰੀ ਦਾ ਅਹੁਦਾ ਸੰਭਾਲਿਆ ਤੇ 2001 ਤੋਂ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਵਜੋਂ ਸੇਵਾ ਕੀਤੀ।
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਪਰਿਵਾਰ ਸਾਲ 1947 ਵਿਚ ਨਵੀਂ ਦਿੱਲੀ ਤੋਂ ਕਰਾਚੀ ਆ ਗਿਆ ਸੀ। ਜਿੱਥੇ ਉਹ 1964 'ਚ ਪਾਕਿਸਤਾਨੀ ਫੌਜ ਵਿੱਚ ਭਰਤੀ ਹੋਇਆ ਸੀ। ਉਸਨੇ ਆਰਮੀ ਸਟਾਫ ਅਤੇ ਕਮਾਂਡ ਕਾਲਜ, ਕਵੇਟਾ ਤੋਂ ਗ੍ਰੈਜੂਏਸ਼ਨ ਕੀਤੀ। ਇਹ ਮੁਸ਼ੱਰਫ ਹੀ ਸੀ ਜਿਸ ਨੇ ਕਈ ਮਹੀਨਿਆਂ ਤੱਕ ਚੱਲੀ ਕਾਰਗਿਲ ਜੰਗ ਲਈ ਜ਼ਮੀਨ ਤਿਆਰ ਕੀਤੀ ਸੀ। ਜੰਗ ਉਦੋਂ ਸ਼ੁਰੂ ਹੋਈ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਲਾਹੌਰ ਵਿਚ ਆਪਣੇ ਭਾਰਤੀ ਹਮਰੁਤਬਾ ਅਟਲ ਬਿਹਾਰੀ ਵਾਜਪਾਈ ਨਾਲ ਇਤਿਹਾਸਕ ਸ਼ਾਂਤੀ ਸਮਝੌਤੇ 'ਤੇ ਹਸਤਾਖਰ ਕੀਤੇ ਸਨ।
ਇਹ ਵੀ ਪੜ੍ਹੋ : ਐਮਪੀ ਪ੍ਰਨੀਤ ਕੌਰ ਨੇ ਨੋਟਿਸ ਦਾ ਦਿੱਤਾ ਜਵਾਬ, ਕਿਹਾ ''ਜਿਹੜਾ ਫ਼ੈਸਲਾ ਚੰਗਾ ਲੱਗਦਾ ਪਾਰਟੀ ਕਰ ਲਵੇ''
ਕਾਰਗਿਲ ਵਿਚ ਮਿਲੀ ਨਾਕਾਮੀ ਤੋਂ ਬਾਅਦ ਮੁਸ਼ੱਰਫ ਨੇ 1999 ਵਿਚ ਤਖਤਾਪਲਟ ਕੇ ਤੱਤਕਾਲੀਨ ਪ੍ਰਧਾਨ ਮੰਤਰੀ ਸ਼ਰੀਫ ਨੂੰ ਲਾਂਭੇ ਕਰ ਦਿੱਤਾ ਸੀ ਅਤੇ 1999 ਤੋਂ 2008 ਤੱਕ ਵੱਖ-ਵੱਖ ਅਹੁਦਿਆਂ ਉਤੇ ਰਹਿੰਦੇ ਹੋਏ ਪਾਕਿਸਤਾਨ ਉਤੇ ਸ਼ਾਸ਼ਨ ਕੀਤਾ। ਮਾਰਚ 2014 ਵਿੱਚ, ਮੁਸ਼ੱਰਫ਼ ਨੂੰ 3 ਨਵੰਬਰ 2007 ਨੂੰ ਸੰਵਿਧਾਨ ਨੂੰ ਮੁਅੱਤਲ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਦਸੰਬਰ 2019 ਵਿੱਚ, ਇੱਕ ਵਿਸ਼ੇਸ਼ ਅਦਾਲਤ ਨੇ ਮੁਸ਼ੱਰਫ ਨੂੰ ਦੇਸ਼ਧ੍ਰੋਹ ਦੇ ਇੱਕ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ।
- PTC NEWS