Constable Amandeep Kaur : ਸਾਬਕਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਦਾ ਪੁਲਿਸ ਨੂੰ ਮਿਲਿਆ 3 ਦਿਨ ਦਾ ਰਿਮਾਂਡ ,ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ
Constable Amandeep Kaur : ਬਠਿੰਡਾ ਵਿਖੇ ਥਾਰ ਵਿੱਚੋਂ ਚਿੱਟੇ ਸਮੇਤ ਫੜੀ ਗਈ ਸਾਬਕਾ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਉਰਫ਼ ਸੋਨੂੰ ਨੂੰ ਅੱਜ ਬਠਿੰਡਾ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਜਿੱਥੇ ਅਦਾਲਤ ਨੇ ਬਲਵਿੰਦਰ ਸਿੰਘ ਉਰਫ਼ ਸੋਨੂੰ ਨੂੰ 3 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਹੈ ,ਜਦਕਿ ਪੁਲਿਸ ਨੇ 7 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ। ਬਠਿੰਡਾ ਪੁਲਿਸ ਵੱਲੋਂ ਰਿਮਾਂਡ ਦੌਰਾਨ ਬਲਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ। ਬਠਿੰਡਾ ਪੁਲਿਸ ਨੇ ਬਲਵਿੰਦਰ ਸਿੰਘ ਉਰਫ਼ ਸੋਨੂੰ ਨੂੰ ਬੀਤੇ ਕੱਲ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਸੀ।
ਓਧਰ 2 ਅਪ੍ਰੈਲ ਨੂੰ ਬਠਿੰਡਾ ਦੇ ਰਿੰਗ ਰੋਡ ਤੋਂ 17.71 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਬੀਤੇ ਦਿਨੀਂ ਅਦਾਲਤ ਨੇ 22 ਅਪ੍ਰੈਲ ਤੱਕ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਸੀ। ਅਮਨਦੀਪ ਕੌਰ ਦੇ ਡਰੱਗ ਤਸਕਰੀ ਮਾਮਲੇ ਵਿੱਚ ਪੁਲਿਸ ਨੇ ਉਸ ਦੇ ਸਾਥੀ ਬਲਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਸੀ। ਬਲਵਿੰਦਰ ਸਿੰਘ ਉਰਫ਼ ਸੋਨੂੰ ਮਹਿਲਾ ਕਾਂਸਟੇਬਲ 'ਤੇ ਇਲਜ਼ਾਮ ਲਗਾਉਣ ਵਾਲੀ ਗੁਰਪ੍ਰੀਤ ਕੌਰ ਦਾ ਪਤੀ ਹੈ।
ਕੌਣ ਹੈ ਅਮਨਦੀਪ ਕੌਰ?
ਅਮਨਦੀਪ ਕੌਰ ਬਠਿੰਡਾ ਦੇ ਪਿੰਡ ਚੱਕ ਫਤੇ ਸਿੰਘ ਵਾਲਾ ਦੇ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹੈ ਪਰ ਉਸਦੀ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਆਲੀਸ਼ਾਨ ਜ਼ਿੰਦਗੀ ਜੀ ਰਹੀ ਸੀ। ਅਮਨਦੀਪ ਕੌਰ ਦੇ ਪਿਤਾ ਇੱਕ ਮਿਸਤਰੀ ਹਨ ਅਤੇ ਉਸਦਾ ਭਰਾ ਇੱਕ ਨਿੱਜੀ ਫਰਮ ਵਿੱਚ ਕੰਮ ਕਰਦਾ ਹੈ। ਉਸਦੀ ਇੱਕ ਭੈਣ ਹੈ ਜੋ ਵਿਆਹੀ ਹੋਈ ਹੈ। ਅਮਨਦੀਪ ਕੌਰ 26 ਨਵੰਬਰ 2011 ਨੂੰ ਪੁਲਿਸ ‘ਚ ਭਰਤੀ ਹੋਈ ਸੀ। ਅਮਨਦੀਪ ਕੌਰ ਦੇ 14 ਸਾਲ ਦੀ ਸਰਵਿਸ ਵਿੱਚ 31 ਵਾਰ ਤਬਾਦਲੇ ਹੋਏ, 2 ਵਾਰ ਸਸਪੈਂਡ ਹੋਈ।
ਕਾਂਸਟੇਬਲ ਅਮਨਦੀਪ ਕੌਰ ਦਾ ਵਿਵਾਦਾਂ ਨਾਲ ਪੁਰਾਣ ਨਾਤਾ ਰਿਹਾ ਹੈ। 3 ਸਾਲ ਪਹਿਲਾਂ ਵੀ ਇਸ ਨੇ ਹਾਈ ਵੋਲਟੇਜ ਡਰਾਮਾ ਕੀਤਾ ਸੀ। 2022 ‘ਚ ਇਸ ਨੇ SSP ਦਫ਼ਤਰ ਬਠਿੰਡਾ ‘ਚ ਫਿਨਾਇਲ ਪੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਡਰਾਮਾ ਇਸ ਨੇ ਕੁੱਟਮਾਰ ਦੇ ਮਾਮਲੇ ‘ਚ ਗ੍ਰਿਫ਼ਤਾਰੀ ਤੋਂ ਬਚਣ ਲਈ ਕੀਤਾ ਸੀ। ਅਮਨਦੀਪ ਕੌਰ ਵੱਲੋਂ 2022 ‘ਚ ਬਠਿੰਡਾ ਸਿਵਲ ਹਸਪਤਾਲ ‘ਚ ਵੀ ਹੰਗਾਮਾ ਕੀਤਾ ਸੀ।
ਇਸ ਕਾਂਸਟੇਬਲ ਨਾਲ ਰਲ ਕੇ ਬਲਵਿੰਦਰ ਨੇ ਪਤਨੀ ਨੂੰ ਕੁੱਟਿਆ ਸੀ। ਕੁੱਟਮਾਰ ਤੋਂ ਬਾਅਦ ਦੋਵੇਂ ਬਠਿੰਡਾ ਹਸਪਤਾਲ ‘ਚ ਭਰਤੀ ਹੋ ਗਏ ਸਨ। ਦੋਹਾਂ ਨੇ ਡਾਕਟਰਾਂ-ਨਰਸਾਂ ਨਾਲ ਬਦਸਲੂਕੀ ਕੀਤੀ ਸੀ। ਜਿਸ ਤੋਂ ਬਾਅਦ ਡਾਕਟਰ ਤੇ ਨਰਸ ਹੜਤਾਲ ‘ਤੇ ਚਲੇ ਗਏ। ਪੁਲਿਸ ਨੇ ਡਾਕਟਰ ਦੇ ਬਿਆਨ ‘ਤੇ ਦੋਹਾਂ ਖਿਲਾਫ਼ ਪਰਚਾ ਦਰਜ ਕਰ ਲਿਆ ਸੀ। ਕੇਸ ਦਰਜ ਹੋਣ ‘ਤੇ ਅਮਨਦੀਪ ਕੌਰ ਨੇ ਖੂਬ ਹੰਗਾਮਾ ਕੀਤਾ ਸੀ। ਹਸਪਤਾਲ ‘ਚ ਫਿਨਾਇਲ ਦੀਆਂ ਗੋਲੀਆਂ ਨਿਗਲਣ ਦੀ ਕੋਸ਼ਿਸ਼ ਕੀਤੀ ਸੀ।
- PTC NEWS