Dalbir Singh Goldy ਨੇ ਮੁੜ ਕਾਂਗਰਸ ’ਚ ਕੀਤੀ ਵਾਪਸੀ; ਇਸ ਗੱਲ ਤੋਂ ਨਾਰਾਜ ਹੋ ਕੇ ਕਾਂਗਰਸ ਛੱਡ AAP ’ਚ ਹੋਏ ਸੀ ਸ਼ਾਮਲ
Dalbir Singh Goldy Rejoin Congress : ਦਲਬੀਰ ਗੋਲਡੀ ਇੱਕ ਵਾਰ ਫਿਰ ਤੋਂ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਦਲਬੀਰ ਗੋਲਡੀ ਨੂੰ ਪੰਜਾਬ ਇੰਚਾਰਜ ਭੂਪੇਸ਼ ਬਘੇਲ ਵੱਲੋਂ ਪਾਰਟੀ ’ਚ ਸ਼ਾਮਲ ਕਰਵਾਇਆ ਗਿਆ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਰਹੇ। ਦੱਸ ਦਈਏ ਕਿ ਗੋਲਡੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸੀ।
ਇਸ ਗੱਲ ਤੋਂ ਕਾਂਗਰਸ ਕੋਲੋਂ ਨਾਰਾਜ ਹੋਏ ਸੀ ਗੋਲਡੀ
ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਕਾਂਗਰਸ ਨੇ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਸੀਟ ਤੋਂ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਸੀ ਅਤੇ ਉਦੋਂ ਤੋਂ ਹੀ ਦਲਬੀਰ ਗੋਲਡੀ ਪਾਰਟੀ ਤੋਂ ਨਾਰਾਜ਼ ਸੀ। ਉਹ ਖੁਦ ਸੰਗਰੂਰ ਸੀਟ ਤੋਂ ਕਾਂਗਰਸ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ। ਉਹ ਲਗਭਗ ਤਿੰਨ ਮਹੀਨਿਆਂ ਤੋਂ ਪੂਰੇ ਸੰਗਰੂਰ ਸੰਸਦੀ ਹਲਕੇ ਲਈ ਤਿਆਰੀ ਕਰ ਰਹੇ ਸੀ, ਪਰ ਜਿਵੇਂ ਹੀ ਕਾਂਗਰਸ ਨੇ ਖਹਿਰਾ ਨੂੰ ਟਿਕਟ ਦਿੱਤੀ, ਗੋਲਡੀ ਗੁੱਸੇ ਵਿੱਚ ਆ ਗਏ। ਇਨ੍ਹਾਂ ਹੀ ਨਹੀਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਸੀ।
ਕੌਣ ਹੈ ਦਲਬੀਰ ਗੋਲਡੀ ?
ਦਲਬੀਰ ਸਿੰਘ ਗੋਲਡੀ ਵਿਦਿਆਰਥੀ ਰਾਜਨੀਤੀ ਵਿੱਚੋਂ ਉਭਰੇ ਹਨ। ਦਲਬੀਰ ਨੇ 2006-07 ਵਿੱਚ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਜਿੱਤੀਆਂ ਅਤੇ ਪ੍ਰਧਾਨ ਬਣੇ। ਉਸ ਨੇ ਪੀਜੀਡੀਸੀਏ ਤੱਕ ਪੜ੍ਹਾਈ ਕੀਤੀ ਹੋਈ ਹੈ। ਦਲਬੀਰ ਗੋਲਡੀ ਦਾ ਸਿਆਸੀ ਜੀਵਨ ਯੂਨੀਵਰਸਿਟੀ ਦੀ ਰਾਜਨੀਤੀ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ ਗੋਲਡੀ ਯੂਥ ਕਾਂਗਰਸ ਵਿੱਚ ਸ਼ਾਮਲ ਹੋ ਗਏ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਧੂਰੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਗੋਲਡੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 2 ਹਜ਼ਾਰ 838 ਵੋਟਾਂ ਨਾਲ ਹਰਾਇਆ। ਇਸ ਤੋਂ ਬਾਅਦ 2022 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਗੋਲਡੀ ਨੂੰ ਮੁੜ ਧੂਰੀ ਹਲਕੇ ਤੋਂ ਉਮੀਦਵਾਰ ਬਣਾਇਆ ਸੀ ਪਰ ਇਸ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਫਰਕ ਨਾਲ ਹਰਾਇਆ ਸੀ।
- PTC NEWS