Chandigarh News : ਸੁਖਨਾ ਲੇਕ ਦੇ ਨੇੜੇ ਵਸੇ ਲੋਕਾਂ 'ਤੇ ਲਟਕੀ ਉਜਾੜੇ ਦੀ ਤਲਵਾਰ! ਜੰਗਲਾਤ ਵਿਭਾਗ ਨੇ ਪੰਜਾਬ ਸਰਕਾਰ ਨੂੰ ਭੇਜੀ ਪ੍ਰਪੋਜਲ
Sukhna Lake area case : ਸੁਖਨਾ ਲੇਕ ਦੇ ਆਲੇ-ਦੁਆਲੇ ਈਕੋ ਸੈਂਸੀਟਿਵ ਜ਼ੋਨ ਦਾ ਏਰੀਆ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਤੱਕ ਕਰਨ ਲਈ ਜੰਗਲਾਤ ਮਹਿਕਮੇ ਨੇ ਪੰਜਾਬ ਸਰਕਾਰ ਕੋਲ ਇੱਕ ਪ੍ਰਪੋਜ਼ਲ ਭੇਜਿਆ ਹੈ, ਜਿਸ 'ਤੇ ਪੰਜਾਬ ਸਰਕਾਰ ਹੁਣ ਕੋਈ ਕਦਮ ਚੁੱਕ ਸਕਦੀ ਹੈ। ਇਸ ਨਾਲ ਸੁਖਨਾ ਲੇਕ ਦੇ ਆਲੇ-ਦੁਆਲੇ ਵਸੇ ਲੋਕਾਂ 'ਤੇ ਉਜਾੜੇ ਦੀ ਇੱਕ ਤਲਵਾਰ ਲਟਕ ਗਈ ਹੈ, ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਲੋਂ ਪੰਜਾਬ ਸਰਕਾਰ ਨੂੰ ਅਜਿਹੀ ਕੋਈ ਵੀ ਕਾਰਵਾਈ ਨਾ ਕਰਨ ਦੀ ਅਪੀਲ ਕੀਤੀ ਗਈ ਹੈ।
ਇਲਾਕਾ ਨਿਵਾਸੀ ਵਿਨੀਤ ਜੋਸ਼ੀ ਅਤੇ ਹੋਰਨਾਂ ਲੋਕਾਂ ਨੇ ਮਿਲ ਕੇ ਆਵਾਜ਼ ਬੁਲੰਦ ਕਰਦਿਆਂ ਕਿਹਾ ਹੈ ਕਿ ਉਹ ਸੁਖਨਾ ਲੇਕ ਦੇ 3 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆਉਂਦੇ ਹਨ ਅਤੇ ਜੇਕਰ ਪੰਜਾਬ ਸਰਕਾਰ ਵੱਲੋਂ ਇਹ ਦਾਇਰਾ ਵਧਾਇਆ ਜਾਂਦਾ ਹੈ ਤਾਂ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ਉੱਤੇ ਪ੍ਰਭਾਵ ਪਵੇਗਾ ਅਤੇ ਹੋ ਸਕਦਾ ਹੈ ਉਨ੍ਹਾਂ ਨੂੰ ਤੋੜਨਾ ਵੀ ਪਵੇ, ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਇਥੋਂ ਉਜੜਨਾ ਵੀ ਪਵੇ।
ਉਨ੍ਹਾਂ ਕਿਹਾ ਕਿ ਕਿਉਂਕਿ ਈਕੋ ਸੈਂਸੀਟਿਵ ਜ਼ੋਨ ਨੂੰ ਪੂਰੀ ਤਰ੍ਹਾਂ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਹੋਣੀਆਂ ਜ਼ਾਹਰ ਹਨ। ਇਸ ਲਈ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਅਜਿਹਾ ਕੋਈ ਵੀ ਕਦਮ ਨਾ ਚੁੱਕਣ ਅਤੇ ਦਾਇਰਾ 100 ਮੀਟਰ ਹੀ ਰੱਖਿਆ ਜਾਵੇ ਤਾਂ ਕਿ ਆਮ ਲੋਕਾਂ ਦਾ ਉਜਾੜਾ ਨਾ ਹੋ ਸਕੇ।
ਜੋਸ਼ੀ ਦਾ ਕਹਿਣਾ ਹੈ ਕਿ ਪਿਛਲੀ ਸਰਕਾਰਾਂ ਵੱਲੋਂ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਢਾਈ ਸਾਲ ਹੋਣ ਤੋਂ ਬਾਅਦ ਹੀ ਜੇਕਰ ਅਜਿਹੀਆਂ ਸਥਿਤੀਆਂ ਆਉਂਦੀਆਂ ਹਨ ਤਾਂ ਆਮ ਲੋਕਾਂ ਦਾ ਕੀ ਬਣੇਗਾ।
ਦੱਸ ਦਈਏ ਕਿ ਸੁਖਨਾ ਰੱਖ ਦਾ ਕੁੱਲ ਰਕਬਾ 26 ਵਰਗ ਕਿਲੋਮੀਟਰ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ 2 ਕਿਲੋਮੀਟਰ ਤੋਂ 2.75 ਕਿਲੋਮੀਟਰ ਤੱਕ ਦੇ ਖੇਤਰ ਨੂੰ ਈਕੋ ਜ਼ੋਨ ਐਲਾਨਿਆ ਹੈ। ਇਸੇ ਪੈਟਰਨ ਤਹਿਤ ਹੀ ਹਰਿਆਣਾ ਅਤੇ ਪੰਜਾਬ ਤੋਂ ਵੀ ਈਕੋ ਜ਼ੋਨ ਐਲਾਨੇ ਜਾਣ ਦੀ ਆਸ ਰੱਖੀ ਜਾ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਜੰਗਲੀ ਰੱਖ ਦਾ 90 ਫ਼ੀਸਦੀ ਖੇਤਰ ਪੰਜਾਬ ਤੇ ਹਰਿਆਣਾ ਵਿੱਚ ਹੀ ਪੈਂਦਾ ਹੈ ਅਤੇ ਪੰਜਾਬ 'ਚ ਇਸ ਵੇਲੇ 13 ਜੰਗਲੀ ਜੀਵ ਰੱਖਾਂ ਹਨ।
- PTC NEWS