Gangster Lawrence Bishnoi ਦੇ ਭਰਾ ਅਨਮੋਲ ਨੂੰ ਅਮਰੀਕਾ 'ਚ ਕਿਸ ਅਪਰਾਧ ਲਈ ਕੀਤਾ ਗਿਆ ਗ੍ਰਿਫਤਾਰ ?, ਜਾਣੋ ਇੱਥੇ
Gangster Lawrence Bishnoi News : ਅਹਿਮਦਾਬਾਦ ਦੀ ਸਾਬਰਮਤੀ ਜੇਲ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਪੁਲਸ ਨੇ ਅਮਰੀਕਾ 'ਚ ਗ੍ਰਿਫਤਾਰ ਕਰ ਲਿਆ ਹੈ। ਵੀਰਵਾਰ ਨੂੰ ਉਸ ਨੂੰ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਤੋਂ ਪੁਲਿਸ ਨੇ ਫੜ ਲਿਆ। ਇਸ ਤੋਂ ਬਾਅਦ ਉਸ ਦੀ ਭਾਰਤ ਹਵਾਲਗੀ ਦੀਆਂ ਉਮੀਦਾਂ ਵਧ ਗਈਆਂ ਸਨ। ਇਸ ਦੌਰਾਨ ਖ਼ਬਰ ਆਈ ਹੈ ਕਿ ਅਨਮੋਲ ਨੂੰ ਅਮਰੀਕਾ ਵਿਚ ਕਤਲ ਕੇਸ ਵਿਚ ਨਹੀਂ ਸਗੋਂ ਗ਼ੈਰ-ਕਾਨੂੰਨੀ ਦਸਤਾਵੇਜ਼ਾਂ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਮਰੀਕੀ ਸਰਕਾਰ ਨੇ ਆਪਣੇ ਭਾਰਤੀ ਹਮਰੁਤਬਾ ਨੂੰ ਅਨਮੋਲ ਅਤੇ ਇਕ ਹੋਰ 50 ਸਾਲਾ ਵਿਅਕਤੀ ਦੀ ਗ੍ਰਿਫਤਾਰੀ ਅਤੇ ਇਸ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ ਸੀ। ਜਾਣਕਾਰੀ ਮੁਤਾਬਕ ਅਨਮੋਲ ਫਿਲਹਾਲ ਆਇਓਵਾ ਸੂਬੇ ਦੀ ਪੋਟਾਵਾਟਾਮੀ ਕਾਊਂਟੀ ਜੇਲ 'ਚ ਬੰਦ ਹੈ। ਦੱਸਿਆ ਜਾਂਦਾ ਹੈ ਕਿ ਅਨਮੋਲ ਫਰਜ਼ੀ ਪਾਸਪੋਰਟ ਰਾਹੀਂ ਕੈਨੇਡਾ ਪਹੁੰਚਿਆ ਸੀ ਅਤੇ ਉਸ ਤੋਂ ਬਾਅਦ ਉਹ ਅਮਰੀਕਾ ਵੀ ਪਹੁੰਚ ਗਿਆ ਸੀ। ਕੈਨੇਡਾ ਸਰਕਾਰ ਦੀ ਸੂਚਨਾ 'ਤੇ ਅਮਰੀਕਾ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
ਕਾਨੂੰਨੀ ਮਾਹਿਰਾਂ ਮੁਤਾਬਕ ਭਾਰਤ ਨੇ ਅਨਮੋਲ 'ਤੇ ਕਤਲ ਅਤੇ ਡਕੈਤੀ ਵਰਗੇ ਅਪਰਾਧਾਂ ਦੇ ਦੋਸ਼ ਲਗਾ ਕੇ ਉਸ ਦੀ ਹਵਾਲਗੀ ਦੀ ਮੰਗ ਕੀਤੀ ਹੈ ਪਰ ਅਮਰੀਕੀ ਪੁਲਸ ਨੇ ਇਨ੍ਹਾਂ ਦੋਸ਼ਾਂ 'ਚ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਅਜਿਹੇ 'ਚ ਫਿਲਹਾਲ ਉਸ ਦੀ ਭਾਰਤ ਹਵਾਲਗੀ ਦੀ ਸੰਭਾਵਨਾ ਨਾਮੁਮਕਿਨ ਹੈ।
ਦੱਸ ਦਈਏ ਕਿ ਮੁੰਬਈ ਪੁਲਿਸ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਬਾਬਾ ਸਿੱਦੀਕੀ ਦੀ ਹੱਤਿਆ ਅਤੇ ਅਭਿਨੇਤਾ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਮਾਮਲੇ ਵਿੱਚ ਅਨਮੋਲ ਦੀ ਹਵਾਲਗੀ ਦੀ ਮੰਗ ਕੀਤੀ ਸੀ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਅਨੁਸਾਰ ਕਿ ਅਨਮੋਲ ਦੇ ਖਿਲਾਫ ਭਾਰਤ ਵਿੱਚ 18 ਕੇਸ ਦਰਜ ਹਨ, ਜਿਨ੍ਹਾਂ ਵਿੱਚ 2022 ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਕਥਿਤ ਤੌਰ 'ਤੇ ਹਥਿਆਰ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ।
ਇਸੇ ਤਰ੍ਹਾਂ ਉਹ ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ 'ਚ ਵੀ ਲੋੜੀਂਦਾ ਅਪਰਾਧੀ ਹੈ। ਉਸ ਨੇ ਹੀ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ। ਮੁੰਬਈ ਪੁਲਸ ਨੇ ਆਪਣੀ ਚਾਰਜਸ਼ੀਟ 'ਚ ਉਸ ਨੂੰ ਮਾਮਲੇ ਦਾ ਮੁੱਖ ਸਰਗਨਾ ਦੱਸਿਆ ਸੀ।
- PTC NEWS