ਪੰਜਾਬ 'ਚ ਮੁੜ੍ਹ ਹੜ੍ਹ ਵਰਗੇ ਹਾਲਾਤ; ਹੁਸ਼ਿਆਰਪੁਰ ਅਤੇ ਰੋਪੜ ਦੇ ਪਿੰਡਾਂ ਵਿੱਚ ਦਾਖਲ ਹੋਇਆ ਪਾਣੀ, ਮੰਤਰੀ ਹਰਜੋਤ ਬੈਂਸ ਨੇ ਲੋਕਾਂ ਨੂੰ ਕੀਤੀ ਅਪੀਲ
ਭਾਖੜਾ ਡੈਮ ਦੇ ਫਲੱਡ ਗੇਟ ਸੋਮਵਾਰ ਨੂੰ 12 ਫੁੱਟ ਤੱਕ ਖੋਲ੍ਹੇ ਗਏ ਸਨ। ਐਤਵਾਰ ਨੂੰ ਪਾਣੀ ਦਾ ਪੱਧਰ 1678 ਫੁੱਟ ਤੱਕ ਪਹੁੰਚ ਗਿਆ ਸੀ। ਜੋ ਸੋਮਵਾਰ ਨੂੰ ਫਲੱਡ ਗੇਟ ਖੋਲ੍ਹਣ ਤੋਂ ਬਾਅਦ 1 ਫੁੱਟ ਘੱਟ ਕੇ 1677 ਫੁੱਟ ਰਹਿ ਗਿਆ। ਅੱਧੀ ਰਾਤ ਨੂੰ ਫਲੱਡ ਗੇਟ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ। ਜਦੋਂ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ ਤਾਂ ਰੋਪੜ ਦੇ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ। ਦੇਰ ਰਾਤ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਨੇ ਹਰਸਾਬੇਲਾ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਜ਼ਿਆਦਾ ਹਨੇਰਾ ਹੋਣ ਕਾਰਨ ਇਹ ਸੰਭਵ ਨਹੀਂ ਸੀ। ਅੱਜ ਸਵੇਰੇ ਐਨ.ਡੀ.ਆਰ.ਐਫ ਨੇ ਫਿਰ ਪਿੰਡ ਵਿੱਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੱਕ ਸਿਰਫ਼ 6 ਲੋਕਾਂ ਨੂੰ ਹੀ ਬਾਹਰ ਕੱਢਿਆ ਗਿਆ ਹੈ।
ਇਸ ਦੇ ਨਾਲ ਹੀ ਮੰਤਰੀ ਹਰਜੋਤ ਬੈਂਸ ਖੁਦ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੁੱਜੇ। ਪਿੰਡ ਬੇਲਾ ਧਿਆਨੀ ਪੁੱਜੇ ਮੰਤਰੀ ਬੈਂਸ ਨੇ ਕਿਹਾ ਕਿ ਪਿੰਡਾਂ ਵਿੱਚ ਪਾਣੀ ਦਾ ਪੱਧਰ ਰਾਤ ਨੂੰ ਹੀ ਹੇਠਾਂ ਆਉਣਾ ਸ਼ੁਰੂ ਹੋ ਗਿਆ ਹੈ। ਪਰ ਹਰਸਾਬੇਲਾ ਵਿੱਚ ਹਾਲਾਤ ਖ਼ਰਾਬ ਹਨ। ਸਥਿਤੀ 'ਤੇ ਕਾਬੂ ਪਾਉਣ ਲਈ NDRF, ਫੌਜ ਅਤੇ ਹਵਾਈ ਸੈਨਾ ਦੀ ਮਦਦ ਲਈ ਜਾ ਰਹੀ ਹੈ।
- PTC NEWS