ਪਾਰਕਿੰਗ ਵਿਵਾਦ ਪਿੱਛੋਂ ਪੰਜ ਲੋਕਾਂ ਨੂੰ ਮਾਰੀ ਗੋਲ਼ੀ, ਹਿੰਸਕ ਹੋਈ ਭੀੜ ਨੇ ਗੱਡੀਆਂ ਤੇ ਘਰ ਸਾੜੇ
ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ 'ਚ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਨੇ ਭਿਆਨਕ ਲੜਾਈ ਦਾ ਰੂਪ ਲੈ ਲਿਆ, ਜਿਸ ਤੋਂ ਬਾਅਦ 5 ਲੋਕਾਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ 'ਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਤਿੰਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਟਨਾ ਸ਼ਹਿਰ ਦੇ ਜੇਠੁਲੀ ਇਲਾਕੇ 'ਚ ਪਾਰਕਿੰਗ ਨੂੰ ਲੈ ਕੇ ਫਾਇਰਿੰਗ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਦੋਸ਼ੀਆਂ ਦੇ ਘਰ ਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੂੰ ਵੀ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਤੇ ਭੀੜ ਨੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ 'ਚ ਕਈ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਏ। ਪੁਲਿਸ ਨੇ ਇਸ ਮਾਮਲੇ ਵਿਚ ਹੁਣ ਤੱਕ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਇਲਾਕੇ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਲਾਕੇ 'ਚ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਇਸ ਘਟਨਾ 'ਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜੇਠੌਲੀ 'ਚ ਉਮੇਸ਼ ਰਾਏ ਨਾਂ ਦਾ ਦਬੰਗ ਰਹਿੰਦਾ ਹੈ, ਜਿਸ ਦਾ ਕੰਮ ਲੋਕਾਂ ਦੀਆਂ ਜ਼ਮੀਨਾਂ ਹੜੱਪ ਕੇ ਪੈਸੇ ਕਮਾਉਣਾ ਹੈ। ਉਨ੍ਹਾਂ ਦੇ ਕਈ ਸਿਆਸੀ ਪਾਰਟੀਆਂ ਨਾਲ ਵੀ ਚੰਗੇ ਸਬੰਧ ਹਨ। ਜਿਸ ਕਾਰਨ ਕਾਰ ਪਾਰਕਿੰਗ ਤੋਂ ਬਾਹਰ ਕੱਢਣ ਨੂੰ ਲੈ ਕੇ ਝੜਪ ਹੋ ਗਈ। ਜਿੱਥੇ ਮ੍ਰਿਤਕ ਦੇ ਰਿਸ਼ਤੇਦਾਰਾਂ ਦੀ ਪਾਰਕਿੰਗ ਹੈ, ਉਥੇ ਉਮੇਸ਼ ਰਾਏ ਆਪਣੇ ਟਰੈਕਟਰ ਰਾਹੀਂ ਗੱਟੀ ਸੁੱਟ ਰਿਹਾ ਸੀ, ਜਿਸ ਕਾਰਨ ਪਾਰਕਿੰਗ ਵਾਲੀ ਸੜਕ 'ਤੇ ਜਾਮ ਲੱਗ ਗਿਆ ਅਤੇ ਗੱਡੀ ਨੂੰ ਹਟਾਉਣ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ।
ਇਸ ਤੋਂ ਬਾਅਦ ਇਲਜ਼ਾਮ ਹੈ ਕਿ ਦਬੰਗ ਉਮੇਸ਼ ਰਾਏ ਦੇ ਲੋਕਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਪੰਜ ਲੋਕਾਂ ਨੂੰ ਗੋਲੀਆਂ ਲੱਗ ਗਈਆਂ। ਗੌਤਮ ਨਾਂ ਦੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀ ਰੋਸ਼ਨ ਕੁਮਾਰ, ਨਗੇਂਦਰ ਰਾਏ, ਚਨਾਰਿਕ ਰਾਏ ਅਤੇ ਮੋਨਾਰਿਕ ਰਾਏ ਨੂੰ ਪਹਿਲਾਂ ਐਨਐਮਸੀਐਚ ਲਿਆਂਦਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਪੀਐਮਸੀਐਚ ਰੈਫਰ ਕਰ ਦਿੱਤਾ ਗਿਆ। ਰੋਸ਼ਨ ਕੁਮਾਰ ਦੀ ਪੀਐਮਸੀਐਚ ਵਿਚ ਮੌਤ ਹੋ ਗਈ ਹੈ ਜਦਕਿ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜ਼ਬਰਦਸਤ ਗੋਲੀਬਾਰੀ ਤੋਂ ਬਾਅਦ ਪੂਰੇ ਪਿੰਡ ਦੇ ਲੋਕ ਇਕ ਥਾਂ ਇਕੱਠੇ ਹੋ ਗਏ ਅਤੇ ਮੁਲਜ਼ਮ ਉਮੇਸ਼ ਰਾਏ, ਰਾਮ ਪ੍ਰਵੇਸ਼ ਰਾਏ, ਬੱਚਾ ਰਾਏ, ਰਿਤੇਸ਼ ਰਾਏ, ਸੰਜੀਤ ਰਾਏ ਦੇ ਘਰ ਪੁੱਜ ਗਏ। ਭੀੜ ਨੇ ਉਸ ਦੇ ਘਰ, ਕਮਿਊਨਿਟੀ ਹਾਲ, ਘਰ ਦੀ ਪਾਰਕਿੰਗ ਵਿਚ ਖੜ੍ਹੀਆਂ ਕਾਰਾਂ ਨੂੰ ਅੱਗ ਲਾ ਦਿੱਤੀ। ਹੰਗਾਮੇ ਦੀ ਸੂਚਨਾ ਮਿਲਣ ਉਤੇ ਮੌਕੇ ਉਪਰ ਪਹੁੰਚੀ ਪੁਲਿਸ ਨੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਪੁਲਿਸ 'ਤੇ ਪਥਰਾਅ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਪਹਾੜੀ ਇਲਾਕਿਆਂ 'ਚ ਵਧਣ ਲੱਗਾ ਤਾਪਮਾਨ, ਮੈਦਾਨੀ ਇਲਾਕਿਆਂ 'ਚ ਵੀ ਗਰਮੀ ਦਾ ਅਹਿਸਾਸ
ਗੁੱਸੇ 'ਚ ਆਏ ਲੋਕਾਂ ਨੇ ਪਟਨਾ-ਫਤੂਹਾ ਪੁਰਾਣਾ ਬਾਈਪਾਸ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਗੁੱਸੇ 'ਚ ਆਈ ਭੀੜ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਅਤੇ ਦੋਸ਼ੀ ਦੇ ਪੂਰੇ ਪਰਿਵਾਰ ਨੂੰ ਜ਼ਿੰਦਾ ਸਾੜਨ ਦੀ ਮੰਗ ਕਰ ਰਹੀ ਸੀ। ਪੁਲਿਸ ਨੇ ਬੜੀ ਮੁਸ਼ਕਲ ਨਾਲ ਉਮੇਸ਼ ਰਾਏ ਦੇ ਪਰਿਵਾਰ ਦੀ ਜਾਨ ਬਚਾਈ। ਹਾਲਾਂਕਿ ਇਸ ਪੂਰੇ ਹੰਗਾਮੇ ਦੌਰਾਨ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੋਂ ਗੈਰਹਾਜ਼ਰ ਰਹੇ।
- PTC NEWS