ਪਹਿਲਾਂ ਕਾਗਜ਼ਾਂ 'ਤੇ ਵਸਾਇਆ ਫਰਜ਼ੀ ਪਿੰਡ, ਫਿਰ ਵਿਕਾਸ ਦੇ ਨਾਂ 'ਤੇ ਅਧਿਕਾਰੀ ਛਕ ਗਏ ਲੱਖਾਂ ਰੁਪਏ
ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਰਕਾਰੀ ਅਧਿਕਾਰੀਆਂ ਨੇ ਲੱਖਾਂ ਰੁਪਏ ਹੜੱਪਣ ਦੀ ਕੋਸ਼ਿਸ਼ ਵਿੱਚ ਕਾਗਜ਼ਾਂ ‘ਤੇ ਇੱਕ ਜਾਅਲੀ ਪਿੰਡ ਹੀ ਵਸਾ ਦਿੱਤਾ, ਜਿਸ ਦੇ ਨਾਮ ‘ਤੇ ਕੇਂਦਰ ਸਰਕਾਰ ਤੋਂ 45 ਲੱਖ ਰੁਪਏ ਵੀ ਲੈ ਲਏ ਗਏ। ਇਸ ਤੋਂ ਬਾਅਦ ਵਿਕਾਸ ਕਾਰਜ ਵੀ ਕਾਗਜ਼ਾਂ ਵਿਚ ਹੀ ਕਰਾ ਗਏ। ਇਹ ਮਾਮਲਾ ਕਈ ਸਾਲਾਂ ਬਾਅਦ ਆਰਟੀਆਈ ਰਾਹੀਂ ਸਾਹਮਣੇ ਆਇਆ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪੂਰੇ ਘੁਟਾਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਜਦੋਂ ਇੱਕ ਵਿਅਕਤੀ ਨੂੰ ਇਸ ਘੁਟਾਲੇ ਦਾ ਪਤਾ ਲੱਗਾ ਤਾਂ ਉਸਨੇ 2019 ਵਿੱਚ ਇੱਕ ਆਰਟੀਆਈ ਦਾਇਰ ਕੀਤੀ ਅਤੇ ਸਬੰਧਤ ਵਿਭਾਗ ਤੋਂ ਜਾਣਕਾਰੀ ਮੰਗੀ। ਇਸ ਤੋਂ ਬਾਅਦ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ। ਇਸ ਦੇ ਬਾਵਜੂਦ ਉਸ ਵਿਅਕਤੀ ਨੇ ਹਾਰ ਨਹੀਂ ਮੰਨੀ। ਹੁਣ ਇੰਨੇ ਸਾਲਾਂ ਬਾਅਦ, ਜਦੋਂ ਆਰਟੀਆਈ ਰਾਹੀਂ ਜਾਣਕਾਰੀ ਮਿਲੀ, ਤਾਂ ਇਹ ਗੱਲ ਸਾਹਮਣੇ ਆਈ ਕਿ ਉਸ ਸਮੇਂ ਦੇ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਕਾਗਜ਼ਾਂ ਚ ਹੀ ਪਿੰਡ ਵਸਾ ਗਏ ਅਤੇ ਵਿਕਾਸ ਕਾਰਜ ਸਿਰਫ਼ ਕਾਗਜ਼ਾਂ ‘ਤੇ ਹੀ ਕਰਦੇ ਰਹੇ। ਇਸ ਸਮੇਂ ਦੌਰਾਨ, ਕੇਂਦਰ ਸਰਕਾਰ ਤੋਂ ਪ੍ਰਾਪਤ ਲਗਭਗ 45 ਲੱਖ ਰੁਪਏ ਦੀ ਰਕਮ ਦਾ ਗਬਨ ਕੀਤਾ ਗਿਆ।
ਇਸ ਘੁਟਾਲੇ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਸਮਿਤੀ ਮੈਂਬਰ ਗੁਰਦੇਵ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਨੇ ਲੱਖਾਂ ਰੁਪਏ ਦਾ ਗਬਨ ਕਰਨ ਲਈ ਇੱਕ ਜਾਅਲੀ ਪਿੰਡ ਬਣਾਇਆ ਅਤੇ ਇਸਦੇ ਵਿਕਾਸ ਦੇ ਨਾਮ ‘ਤੇ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ ਅਤੇ ਕਾਗਜ਼ਾਤ ਦਫ਼ਤਰ ਦੀਆਂ ਫਾਈਲਾਂ ਵਿੱਚ ਦੱਬ ਦਿੱਤੇ। ਸਾਲਾਂ ਬਾਅਦ, ਸੱਚ ਹੁਣ ਸਭ ਦੇ ਸਾਹਮਣੇ ਹੈ।
ਇਸ ਪੂਰੇ ਮਾਮਲੇ ਦੇ ਖੁਲਾਸੇ ਤੋਂ ਬਾਅਦ ਏਡੀਸੀ ਵਿਕਾਸ ਲਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਬੇਨਿਯਮੀ ਵਿੱਚ ਸ਼ਾਮਲ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ‘ਗੱਟੀ ਰਾਜੋ ਕੇ’ ਨਾਮ ਦਾ ਇੱਕ ਪਿੰਡ ਹੈ, ਪਰ ‘ਨਿਊ ਗੱਟੀ’ ਨਾਮ ਦਾ ਕੋਈ ਪਿੰਡ ਨਹੀਂ ਹੈ ਅਤੇ ਨਾ ਹੀ ਉਸ ਸਮੇਂ ਉਸ ਪਿੰਡ ਵਿੱਚ ਕੋਈ ਵਿਕਾਸ ਕਾਰਜ ਹੋਇਆ ਸੀ।
- PTC NEWS