ਸ਼ਿਵ ਸੈਨਾ ਆਗੂ ਸੁਧੀਰ ਸੂਰੀ 'ਤੇ ਜਾਨਲੇਵਾ ਹਮਲਾ, ਹੋਈ ਮੌਤ
ਅੰਮ੍ਰਿਤਸਰ, 4 ਨਵੰਬਰ: ਅੰਮ੍ਰਿਤਸਰ ਸਥਿਤ ਗੋਪਾਲ ਮੰਦਿਰ ਦੇ ਬਾਹਰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਗੋਲੀ ਵੱਜਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਇਸ ਹਮਲੇ ਵਿੱਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਤੇ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਇਸ ਹਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਵੀ ਗੋਲੀ ਸੂਰੀ ਦੇ ਸੱਜੀ ਬਾਂਹ 'ਚ ਵੱਜੀ, ਜਿਸ ਤੋਂ ਬਾਅਦ ਸੂਰੀ ਜ਼ਮੀਨ 'ਤੇ ਡਿੱਗ ਗਏ।ਦੱਸਿਆ ਜਾ ਰਿਹਾ ਕਿ ਸੂਰੀ ਨੂੰ ਤੁਰੰਤ ਅਸਕੋਰਟ ਹਸਪਤਾ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸੂਰੀ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਸੈਨਾ ਵਰਕਰਾਂ ਦਾ ਕਹਿਣਾ ਕਿ ਸੁਧੀਰ ਸੂਰੀ ਨੂੰ ਪਿਛਲੇ ਲੰਬੇ ਸਮੇਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸਦੀ ਸਾਰੀ ਜਾਣਕਾਰੀ ਪੰਜਾਬ ਸਰਕਾਰ, ਡੀਜੀਪੀ ਪੰਜਾਬ ਨੂੰ ਲਗਾਤਾਰ ਦਿੱਤੀ ਗਈ ਸੀ। ਫਾਇਰਿੰਗ ਦੀ ਘਟਨਾ ਤੋਂ ਬਾਅਦ ਇਲਾਕੇ 'ਚ ਤੁਰੰਤ ਹਫੜਾ-ਦਫੜੀ ਮੱਚ ਗਈ, ਨਾਲ ਆਏ ਸ਼ਿਵ ਸੈਨਾ ਕਾਰਕੁੰਨਾਂ ਨੇ ਜਿੱਥੇ ਸੂਰੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਉੱਥੇ ਹੀ ਪਿੱਛੋਂ ਦੀ ਫਾਇਰਿੰਗ ਦਾ ਸਿਸਿਲਾ ਜਾਰੀ ਸੀ। ਜਿਸ ਤੋਂ ਬਾਅਦ ਇੱਕ ਸ਼ਿਵ ਸੈਨਾ ਕਾਰਕੁੰਨ ਵੱਲੋਂ ਜਵਾਬੀ ਫਾਇਰਿੰਗ ਵੀ ਕੀਤੀ ਗਈ।
ਫਾਇਰਿੰਗ ਕਰਨ ਵਾਲਾ ਕੀਤਾ ਗ੍ਰਿਫ਼ਤਾਰ
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਆਪਣੇ ਭੜਕਾਊ ਬਿਆਨਾਂ ਨੂੰ ਲੈਕੇ ਹਮੇਸ਼ਾਂ ਹੀ ਸੁਰਖੀਆਂ 'ਚ ਰਹਿੰਦੇ ਸਨ ਤੇ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਜਾਨੋ ਮਾਰਨ ਦੀਆਂ ਧਮਕੀਆਂ ਮਿੱਲ ਚੁੱਕੀਆਂ ਸਨ। ਹਾਸਿਲ ਜਾਣਕਾਰੀ ਮੁਤਾਬਿਕ ਮੰਦਿਰ ਦੀ ਪ੍ਰਧਾਨਗੀ ਨੂੰ ਲੈਕੇ ਇਕ ਰੰਜਿਸ਼ ਤਹਿਤ ਸੂਰੀ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਪੁਲਿਸ ਦੀ ਫੌਰੀ ਕਾਰਵਾਈ ਮਗਰੋਂ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਦਾ ਨਾਂਅ ਸੰਦੀਪ ਸਿੰਘ ਦੱਸਿਆ ਜਾ ਰਿਹਾ। ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਸੁਧੀਰ ਸੂਰੀ ਦੇ ਕਤਲ ਕਰਨ ਵਾਲੇ ਮੁਲਜ਼ਮ ਦੀ ਗ੍ਰਿਫ਼ਤਾਰੀ ਕਰਨ ਦੀ ਪੁਸ਼ਟੀ ਕੀਤੀ ਹੈ।
ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਲਾਇਸੰਸੀ ਰਿਵਾਲਵਰ ਬਰਾਮਦ ਕੀਤਾ ਗਿਆ। ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜਾ ਸਾਥੀ ਫਰਾਰ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਮਾਹੌਲ ਖਰਾਬ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।
ਸ਼ਿਵ ਸੈਨਾ ਦੇ ਵਰਕਰਾਂ ਨੇ ਲਗਾਇਆ ਧਰਨਾ
ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਆਏ ਸ਼ਿਵ ਸੈਨਾ ਸਮਰਥਕਾਂ ਨੇ ਬਾਈਪਾਸ ਉੱਤੇ ਧਰਨਾ ਲਗਾ ਕੇ ਅਮ੍ਰਿਤਸਰ-ਦਿੱਲੀ ਮਾਰਗ ਜਾਮ ਕਰ ਦਿੱਤਾ ਹੈ। ਸਮਰਥਕਾਂ ਵੱਲੋਂ ਪੁਲਿਸ ਦੀ ਕਾਰਵਾਈ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਸਮਰਥਕਾਂ ਵੱਲੋਂ ਭਲਕੇ ਅੰਮ੍ਰਿਤਸਰ ਬੰਦ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ।ਸ਼ਿਵ ਸੈਨਾ ਦੇ ਵਰਕਰਾਂ ਵੱਲੋਂ 5 ਨਵੰਬਰ ਨੂੰ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ ਪਰ ਪੰਜਾਬ ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੌਲੀ ਨੇ ਸੱਦਾ ਵਾਪਸ ਲੈ ਲਿਆ ਹੈ।
ਜਵਾਬੀ ਫਾਇਰਿੰਗ ਕਰਨ ਵਾਲਾ ਸੈਨਾ ਕਾਰਕੁੰਨ ਵੀ ਗ੍ਰਿਫ਼ਤਾਰ
ਦੱਸਿਆ ਜਾ ਰਿਹਾ ਕਿ ਜਵਾਬੀ ਫਾਇਰਿੰਗ ਕਰਨ ਵਾਲੇ ਸ਼ਿਵ ਸੈਨਾ ਕਾਰਕੁੰਨ ਨੂੰ ਵੀ ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਹੁਣ ਇਸਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਜਿਸ ਹਥਿਆਰ ਨਾਲ ਜਵਾਬੀ ਫਾਇਰਿੰਗ ਕੀਤੀ ਗਈ ਉਹ ਲਾਇਸੰਸੀ ਹਥਿਆਰ ਹੈ ਜਾ ਨਹੀਂ।
ਸ਼ਿਵ ਸੈਨਾ ਦੇ ਆਗੂ ਨਿਸ਼ਾਂਤ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਮੁਲਜ਼ਮਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦਾ ਪ੍ਰਬੰਧ ਬਿਲਕੁਲ ਫੇਲ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਸੁਧੀਰ ਸੂਰੀ ਦਾ ਕਤਲ ਬੜਾ ਮੰਦਭਾਗਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲਾਅ ਐਡ ਆਰਡਰ ਨਾਮ ਦੂੀ ਕੋਈ ਚੀਜ਼ ਨਹੀ ਹੈ।
- PTC NEWS