Sangrur News : ਧੂਰੀ ਦੇ ਪਿੰਡ ਬਮਾਲ 'ਚ ਖੜੀ ਫ਼ਸਲ ਨੂੰ ਲੱਗੀ ਅੱਗ ,5 ਕਿੱਲੇ ਸੜ ਕੇ ਹੋਏ ਸੁਆਹ ,ਸਰਕਾਰ ਤੋਂ ਮੁਆਵਜ਼ੇ ਤੋਂ ਕੀਤੀ ਮੰਗ
Sangrur News : ਪੰਜਾਬ 'ਚ ਅਕਸਰ ਹੀ ਇਨ੍ਹਾਂ ਦਿਨਾਂ ਵਿਚ ਚੱਲ ਰਹੀਆਂ ਤੇਜ਼ ਹਵਾਵਾਂ ਦੇ ਕਾਰਨ ਕੁੱਝ ਥਾਵਾਂ 'ਤੇ ਪੁੱਤਾਂ ਵਾਂਗ ਪਾਲੀ ਕਿਸਾਨਾਂ ਦੀ ਪੱਕੀ ਫ਼ਸਲ ਦਾ ਨੁਕਸਾਨ ਹੋ ਜਾਂਦਾ ਹੈ। ਕਣਕ ਦੀ ਫ਼ਸਲ ਹਰ ਸਾਲ ਅੱਗ ਦੀ ਲਪੇਟ ਦੇ ਵਿਚ ਆ ਜਾਂਦੀ ਹੈ। ਤਸਵੀਰਾਂ ਧੂਰੀ ਦੇ ਨਜ਼ਦੀਕ ਪਿੰਡ ਬਮਾਲ ਦੀਆਂ ਹਨ, ਜਿੱਥੇ ਲਗਭਗ 5 ਕਿੱਲੇ ਦੇ ਕਰੀਬ ਪੱਕੀ ਹੋਈ ਫ਼ਸਲ ਅੱਗ ਦੀ ਭੇਂਟ ਚੜ੍ਹ ਗਈ।
ਜਦੋਂ ਇਸ ਬਾਰੇ ਪਿੰਡ ਵਾਸੀਆਂ ਤੇ ਜਮੀਨ ਦੇ ਮਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਹੀ ਨਹੀਂ ਚੱਲ ਸਕਿਆ। ਉਨ੍ਹਾਂ ਵਿੱਚੋ ਇੱਕ ਨੇ ਕਿਹਾ ਕਿ ਜਦੋਂ ਮੈਂ ਚਾਹ ਦੇਣ ਲਈ ਖੇਤਾਂ ਦੇ ਵਿੱਚ ਆਇਆ ਤਾਂ ਦੇਖਿਆ ਇੱਕ ਟਰੈਕਟਰ ਖੜਾ ਸੀ। ਜਿਸ ਦੇ ਥੱਲੇ ਥੋੜੇ ਜਿਹੀ ਜਗ੍ਹਾ 'ਤੇ ਅੱਗ ਲਗੀ ਹੋਈ ਸੀ ਤਾਂ ਮੈਂ ਕਿਹਾ ਕਿ ਤੂੰ ਟਰੈਕਟਰ ਇਥੋਂ ਅੱਗੇ ਕਰ ਲੈ ਪਰ ਜਦੋਂ ਉਸਨੇ ਟਰੈਕਟਰ ਅੱਗੇ ਕੀਤਾ ਤਾਂ ਚਲ ਰਹੀ ਤੇਜ਼ ਹਵਾ ਦੇ ਨਾਲ ਅੱਗ ਇੱਕ ਦਮ ਫੈਲ ਗਈ।
ਜਦੋਂ ਪਿੰਡ ਦੇ ਗੁਰਦੁਆਰੇ ਵਿਚ ਇਸ ਦੀ ਅਨਾਊਂਸਮੈਂਟ ਕਰਵਾਈ ਗਈ ਤਾਂ ਪਿੰਡ ਦੇ ਸਾਰੇ ਲੋਕ ਓਥੇ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਵੀ ਪਹੁੰਚ ਗਈ। ਸਭ ਨੇ ਮਿਲ ਕੇ ਅੱਗ 'ਤੇ ਕਾਬੂ ਪਾ ਲਿਆ ਪਰ ਫਿਰ ਵੀ 5 ਕਿਲੇ ਦੇ ਕਰੀਬ ਪੱਕੀ ਕਣਕ ਸੜ ਕੇ ਸਵਾਹ ਹੋ ਗਈ। ਖੇਤ ਦੇ ਮਾਲਕ ਨੇ ਕਿਹਾ ਕਿ ਇਹ ਫ਼ਸਲ ਦੇ ਨਾਲ ਘਰ ਦੇ ਸਾਰੇ ਖਰਚੇ ਚਲਣੇ ਸਨ ਪਰ ਹੁਣ ਸਾਡੇ ਪੱਲੇ ਕੁਝ ਨਹੀਂ ਰਿਹਾ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਇਸ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕੇ ਸਾਡੇ ਬੱਚੇ ਭੁੱਖੇ ਨਾ ਮਰਨ।
- PTC NEWS