Malout Double Murder : ਸੁਖਜਿੰਦਰ ਰੰਧਾਵਾ ਦੀਆਂ ਵਧੀਆਂ ਮੁਸ਼ਕਿਲਾਂ! ਜ਼ਮੀਨ ਵਿਵਾਦ 'ਚ ਪਿਓ-ਪੁੱਤ ਦੇ ਕਤਲ ਕੇਸ 'ਚ ਸਾਲੇ ਤੇ ਸਹੁਰੇ 'ਤੇ FIR ਦਰਜ
Malout Double Murder : ਮੁਕਤਸਰ ਜ਼ਿਲ੍ਹੇ ਦੇ ਮਲੋਟ ਇਲਾਕੇ ਦੇ ਪਿੰਡ ਅਬੁਲ ਖੁਰਾਣਾ ਵਿੱਚ ਸ਼ਨੀਵਾਰ ਦੇਰ ਸ਼ਾਮ ਹੋਏ ਦੋਹਰੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੇ ਸਹੁਰੇ ਅਤੇ ਸਾਲੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਦਵਿੰਦਰ ਸਿੰਘ ਵਾਸੀ ਮੁਕਤਸਰ ਸਾਹਿਬ, ਨਛੱਤਰ ਸਿੰਘ ਅਤੇ ਰਵਿੰਦਰ ਸਿੰਘ ਬੱਬੀ ਨੂੰ ਨਾਮਜ਼ਦ ਕੀਤਾ ਹੈ।
ਕਥਿਤ ਦੋਸ਼ੀ ਨਛੱਤਰ ਸਿੰਘ, ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਦਾ ਸਹੁਰਾ ਦੱਸਿਆ ਜਾਂਦਾ ਹੈ, ਜਦੋਂ ਕਿ ਰਵਿੰਦਰ ਸਿੰਘ ਉਸਦਾ ਸਾਲਾ ਹੈ। ਫਿਲਹਾਲ ਪੁਲਿਸ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।
ਮ੍ਰਿਤਕਾਂ ਦੀ ਪਛਾਣ ਵਿਨੈ ਪ੍ਰਤਾਪ ਸਿੰਘ ਬਰਾੜ ਅਤੇ ਉਸ ਦੇ 25 ਸਾਲਾ ਪੁੱਤਰ ਸੂਰਜ ਪ੍ਰਤਾਪ ਸਿੰਘ ਬਰਾੜ ਵਜੋਂ ਹੋਈ ਹੈ, ਜੋ ਪਿੰਡ ਦੇ ਇੱਕ ਪ੍ਰਮੁੱਖ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਹਨ। ਸਥਾਨਕ ਲੋਕਾਂ ਅਨੁਸਾਰ, ਵਿਨੈ ਪ੍ਰਤਾਪ ਦਾ ਪਿੰਡ ਦੇ ਇੱਕ ਰਿਸ਼ਤੇਦਾਰ ਨਾਲ ਪੁਰਾਣਾ ਜ਼ਮੀਨੀ ਵਿਵਾਦ ਸੀ।
ਮ੍ਰਿਤਕ ਵਿਨੈ ਪ੍ਰਤਾਪ ਦੀ ਧੀ ਦੱਸਿਆ ਕੀ ਹੋਇਆ ਸੀ ?
ਐਫਆਈਆਰ ਮ੍ਰਿਤਕ ਵਿਨੈ ਪ੍ਰਤਾਪ ਸਿੰਘ ਬਰਾੜ ਦੀ ਧੀ ਸਾਜੀਆ ਬਰਾੜ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਹੈ, ਜਿਸ ਵਿੱਚ ਸਾਜ਼ੀਆ ਨੇ ਇਲਜ਼ਾਮ ਲਾਇਆ ਹੈ ਕਿ ਇਹ ਸਾਰੀ ਘਟਨਾ ਉਸਦੇ ਰਿਸ਼ਤੇਦਾਰ ਦਰਸ਼ਨ ਸਿੰਘ ਨੇ ਦੇਖੀ ਸੀ। ਦਰਅਸਲ, ਮ੍ਰਿਤਕ ਵਿਨੈ ਪ੍ਰਤਾਪ ਸਿੰਘ ਅਤੇ ਸੂਰਿਆ ਪ੍ਰਤਾਪ ਸਿੰਘ ਬਰਾੜ ਦੋਵੇਂ ਆਪਣੇ ਖੇਤਾਂ ਦਾ ਦੌਰਾ ਕਰਨ ਗਏ ਸਨ।
ਇਸ ਦੌਰਾਨ, ਮੁਲਜ਼ਮ ਦਵਿੰਦਰ ਸਿੰਘ ਨੇ ਉਨ੍ਹਾਂ ਦੀ ਕਾਰ ਦੇ ਅੱਗੇ ਟਰੈਕਟਰ ਖੜ੍ਹਾ ਕਰ ਦਿੱਤਾ। ਟਰੈਕਟਰ 'ਤੇ ਇੱਕ ਅਣਜਾਣ ਵਿਅਕਤੀ ਬੈਠਾ ਸੀ, ਜਿਸਨੇ ਉਸ ਦੇ ਪਿਤਾ ਵਿਨੈ ਪ੍ਰਤਾਪ 'ਤੇ ਬੇਸਬਾਲ ਬੈਟ ਨਾਲ ਹਮਲਾ ਕਰ ਦਿੱਤਾ। ਇਹ ਦੇਖ ਕੇ ਸੂਰਿਆ ਪ੍ਰਤਾਪ ਵੀ ਆਪਣੀ ਕਾਰ ਵਿੱਚ ਰੱਖਿਆ ਬੇਸਬਾਲ ਬੈਟ ਵੀ ਲੈ ਆਇਆ। ਪਰ ਮੁਲਜ਼ਮ ਦਵਿੰਦਰ ਸਿੰਘ ਨੇ ਆਪਣੀ ਰਿਵਾਲਵਰ ਨਾਲ ਵਿਨੈ ਪ੍ਰਤਾਪ ਸਿੰਘ ਅਤੇ ਸੂਰਿਆ ਪ੍ਰਤਾਪ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸਾਜ਼ੀਆ ਨੇ ਕਿਹਾ ਕਿ ਉਸਦੇ ਪਰਿਵਾਰ ਦਾ ਦਵਿੰਦਰ ਸਿੰਘ, ਨਛੱਤਰ ਸਿੰਘ ਅਤੇ ਰਵਿੰਦਰ ਸਿੰਘ ਬੱਬੀ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਦਵਿੰਦਰ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਨੇ ਨਛੱਤਰ ਸਿੰਘ ਅਤੇ ਰਵਿੰਦਰ ਸਿੰਘ ਬੱਬੀ ਨਾਲ ਮਿਲ ਕੇ ਯੋਜਨਾਬੰਦੀ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਿੰਨੋਂ ਮੁਲਜ਼ਮ ਫਰਾਰ
ਮਲੋਟ ਥਾਣੇ ਦੀ ਪੁਲਿਸ ਨੇ ਕਤਲ, ਸਾਜ਼ਿਸ਼ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਵਰਤੋਂ ਵਰਗੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਤਿੰਨੋਂ ਨਾਮਜ਼ਦ ਦੋਸ਼ੀ ਇਸ ਸਮੇਂ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
- PTC NEWS