Female Constable arrested : ਚਿੱਟੇ ਸਮੇਤ THAR 'ਚੋਂ ਫੜੀ ਗਈ ਮਹਿਲਾ ਕਾਂਸਟੇਬਲ ਨੂੰ ਬਠਿੰਡਾ ਪੁਲਿਸ ਨੇ ਅਦਾਲਤ 'ਚ ਕੀਤਾ ਪੇਸ਼, ਮਿਲਿਆ ਇੱਕ ਦਿਨ ਦਾ ਰਿਮਾਂਡ
Female Constable arrested with Heroin : ਚਿੱਟੇ ਸਮੇਤ ਥਾਰ ਗੱਡੀ ਵਿੱਚੋਂ ਫੜੀ ਗਈ ਮਹਿਲਾ ਕਾਂਸਟੇਬਲ (Female Constable arrested )ਨੂੰ ਬਠਿੰਡਾ ਪੁਲਿਸ ਨੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਹੈ। ਜਿੱਥੇ ਮਾਨਯੋਗ ਅਦਾਲਤ ਨੇ ਬਠਿੰਡਾ ਪੁਲਿਸ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਪਰ ਬਠਿੰਡਾ ਪੁਲਿਸ ਨੇ ਕਥਿਤ ਆਰੋਪੀ ਮਹਿਲਾ ਕਾਂਸਟੇਬਲ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਦਰਅਸਲ 'ਚ ਬੀਤੇ ਕੱਲ ਬਠਿੰਡਾ ਪੁਲਿਸ ਵੱਲੋਂ ਥਾਰ ਗੱਡੀ ਵਿੱਚ ਸਵਾਰ ਸੀਨੀਅਰ ਪੁਲਿਸ ਕਾਂਸਟੇਬਲ (Female Constable arrested )ਨੂੰ ਕਰੀਬ 17.71 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਮਹਿਲਾ ਕਾਂਸਟੇਬਲ ਦੀ ਪਛਾਣ ਅਮਨਦੀਪ ਕੌਰ (Amandeep Kaur ) ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਹਿ ਸਿੰਘ ਵਾਲਾ ਹੋਈ, ਜੋ ਮਾਨਸਾ ਜ਼ਿਲ੍ਹੇ 'ਚ ਤਇਨਾਤ ਸੀ ਪਰ ਆਰਜੀ ਤੌਰ 'ਤੇ ਬਠਿੰਡਾ ਵਿੱਚ ਆਪਣੀ ਡਿਊਟੀ ਨਿਭਾਉਣ ਆਈ ਹੋਈ ਸੀ। ਮੁਲਜ਼ਮ ਕਾਂਸਟੇਬਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਡੀਐਸਪੀ ਸਿਟੀ ਵਨ ਹਰਬੰਸ ਸਿੰਘ ਧਾਲੀਵਾਲ ਨੇ ਦੱਸਿਆ ਕਿ ਵਰਧਮਾਨ ਪੁਲਿਸ ਸਟੇਸ਼ਨ ਦੇ ਇੰਚਾਰਜ ਏਐਸਆਈ ਮਨਜੀਤ ਸਿੰਘ ਅਤੇ ਐਂਟੀ ਨਾਰਕੋਟਿਕਸ ਬਿਊਰੋ ਦੀ ਟੀਮ ਨੇ ਸਾਂਝੇ ਆਪ੍ਰੇਸ਼ਨ ਤਹਿਤ ਬਾਦਲ ਰੋਡ 'ਤੇ ਨਾਕਾਬੰਦੀ ਕੀਤੀ ਸੀ। ਇਸ ਦੌਰਾਨ ਪੁਲਿਸ ਟੀਮ ਨੇ ਲਾਡਲੀ ਚੌਕ ਤੋਂ ਆ ਰਹੀ ਇੱਕ ਕਾਲੇ ਰੰਗ ਦੀ ਥਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਹਨਾਂ ਦੱਸਿਆ ਕਿ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਈ।
ਮਾਨਸਾ ਵਿੱਚ ਤੈਨਾਤ ਸੀ ਮੁਲਜ਼ਮ ਮਹਿਲਾ ਕਾਂਸਟੇਬਲ
ਜਾਂਚ ਦੌਰਾਨ ਉਸਨੇ ਕਬੂਲ ਕੀਤਾ ਕਿ ਉਸਦੀ ਦੀ ਡਿਊਟੀ ਇਸ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਹੈ ਅਤੇ ਉਸ ਨੂੰ ਬਠਿੰਡਾ ਨਾਲ ਅਟੈਚ ਕੀਤਾ ਗਿਆ ਹੈ। ਪੁਲਿਸ ਵੱਲੋਂ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਉਸ ਵੱਲੋਂ ਕਿੱਥੋਂ ਲਿਆਂਦੀ ਗਈ ਸੀ ਅਤੇ ਕਿੱਥੇ ਸਪਲਾਈ ਕਰਨੀ ਸੀ।
ਦੱਸਿਆ ਜਾ ਰਿਹਾ ਕਿ ਗ੍ਰਿਫਤਾਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਅਕਸਰ ਵਿਵਾਦਾਂ ਵਿੱਚ ਰਹਿੰਦੀ ਸੀ। ਉਹ ਪੰਜਾਬ ਪੁਲਿਸ ਦੀ ਵਰਦੀ ਵਿੱਚ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਸੀ। ਇਹ ਪੁਲਿਸ ਮੁਲਾਜ਼ਮ ਰੀਲਾਂ ਦੀ ਸ਼ੌਕੀਨ ਹੈ ਅਤੇ ਉਸਦੇ ਸੋਸ਼ਲ ਮੀਡੀਆ ਉੱਤੇ ਕਾਫ਼ੀ ਫੋਲੋਅਰ ਹਨ।
- PTC NEWS