Punjab News: ਮੁਕਤਸਰ ਦੇ ਪਿੰਡ ਧੌਲਾ ਵਿੱਚ ਇੱਕ ਵਿਅਕਤੀ ਨੇ ਆਪਣੇ ਭਰਾ ਨਾਲ ਮਿਲ ਕੇ ਆਪਣੇ ਪੁੱਤਰ ਨੂੰ ਗੋਲੀ ਮਾਰ ਦਿੱਤੀ। ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦਾ ਲੜਕਾ ਨਾਜਾਇਜ਼ ਹੈ। ਪੁਲਿਸ ਨੇ ਮੁਲਜ਼ਮ ਪਿਤਾ ਅਤੇ ਚਾਚੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਡੀਐਸਪੀ ਲੰਬੀ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਧੌਲਾ ਵਿੱਚ ਇੱਕ ਨੌਜਵਾਨ ਦੇ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਨੂੰ ਪਰਿਵਾਰ ਵਾਲਿਆਂ ਨੇ ਜ਼ਖਮੀ ਹਾਲਤ 'ਚ ਪਹਿਲਾਂ ਸਿਵਲ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ। ਉਥੋਂ ਡਾਕਟਰਾਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਏਮਜ਼ ਬਠਿੰਡਾ ਰੈਫਰ ਕਰ ਦਿੱਤਾ। ਉਸ ਦਾ ਬਠਿੰਡਾ ਏਮਜ਼ ਵਿਖੇ ਇਲਾਜ ਚੱਲ ਰਿਹਾ ਸੀ ਪਰ ਸ਼ੁੱਕਰਵਾਰ ਦੇਰ ਸ਼ਾਮ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ।ਪਰਿਵਾਰ ਪਹਿਲਾਂ ਗੋਲੀਬਾਰੀ ਨੂੰ ਹਾਦਸਾ ਦੱਸ ਰਿਹਾ ਸੀ। ਪਰ ਬਾਅਦ ਵਿੱਚ ਜਦੋਂ ਜਾਂਚ ਸ਼ੁਰੂ ਕੀਤੀ ਗਈ ਤਾਂ ਮ੍ਰਿਤਕ ਦੀ ਮਾਤਾ ਪੁਸ਼ਪਿੰਦਰ ਕੌਰ ਦੇ ਬਿਆਨਾਂ ਤੋਂ ਵੱਖਰਾ ਹੀ ਮਾਮਲਾ ਸਾਹਮਣੇ ਆਇਆ। ਪੁਸ਼ਪਿੰਦਰ ਕੌਰ ਅਨੁਸਾਰ ਉਸ ਦੇ ਪਤੀ ਸ਼ਿਵਰਾਜ ਸਿੰਘ ਪੁੱਤਰ ਨਾਇਬ ਸਿੰਘ ਨੂੰ ਸ਼ੱਕ ਸੀ ਕਿ ਉਨ੍ਹਾਂ ਦਾ ਲੜਕਾ ਮਨਜੋਤ ਸਿੰਘ ਨਾਜਾਇਜ਼ ਹੈ। ਇਸੇ ਸ਼ੱਕ ਦੇ ਚੱਲਦਿਆਂ ਵੀਰਵਾਰ ਨੂੰ ਉਸ ਨੇ ਆਪਣੇ ਭਰਾ ਰੇਸ਼ਮ ਸਿੰਘ ਦੇ ਲਾਇਸੈਂਸੀ ਰਿਵਾਲਵਰ ਨਾਲ ਮਨਜੋਤ ਸਿੰਘ (20) ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਂ ਨੇ ਆਪਣੇ ਪਤੀ ਅਤੇ ਉਸ ਦੇ ਭਰਾ 'ਤੇ ਆਪਣੇ ਪੁੱਤਰ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਲੰਬੀ ਪੁਲਿਸ ਨੇ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਪਿਤਾ ਅਤੇ ਚਾਚੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਮਨਜੋਤ ਨੇ 10 ਦਸੰਬਰ ਨੂੰ ਕੈਨੇਡਾ ਜਾਣਾ ਸੀ।