ਕਿਸਾਨਾਂ ਨੂੰ ਟਰੈਕਟਰ-ਟਰਾਲੀ ਰਾਹੀਂ ਰੇਤ ਦੀ ਢੋਆ-ਢੁਆਈ ਦੀ ਮਿਲੇਗੀ ਮਨਜ਼ੂਰੀ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਮਾਈਨਿੰਗ ਪਾਲਿਸੀ ਲਿਆਉਣ ਦੇ ਬਾਵਜੂਦ ਵਿਚ ਰੇਤ ਦੇ ਭਾਅ ਉਤੇ ਨਕੇਲ ਕੱਸਣ ਵਿਚ ਸਫਲਤਾ ਨਹੀਂ ਮਿਲੀ ਹੈ। ਰੇਤ ਭਾਅ ਕਾਰਨ ਗਰੀਬਾਂ ਦੇ ਆਸ਼ੀਆਨੇ ਦਾ ਸੁਪਨਾ ਵੀ ਮੁਸ਼ਕਲ ਹੋ ਗਿਆ। ਟਰਾਂਸਪੋਰਟ ਮਾਫੀਏ ਕਾਰਨ ਰੇਤ ਦਿਨ-ਬ-ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ। ਇਸ ਸਭ ਦੇ ਦਰਮਿਆਨ ਪੰਜਾਬ ਸਰਕਾਰ ਵੱਲੋਂ ਰੇਤ ਦੇ ਭਾਅ ਉਤੇ ਸ਼ਿਕੰਜਾ ਕੱਸਣ ਲਈ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ। ਪੰਜਾਬ ਵਿਚ ਕਿਸਾਨਾਂ ਨੂੰ ਹੁਣ ਟਰੈਕਟਰ-ਟਰਾਲੀ ਰਾਹੀਂ ਰੇਤੇ ਦੀ ਢੋਆ ਢੁਆਈ ਕਰਨ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਜੋ ਟਰਾਂਸਪੋਰਟ ਮਾਫ਼ੀਆ ਦੀ ਲੁੱਟ ਬੰਦ ਕੀਤੀ ਜਾ ਸਕੇ। ਮੁੱਖ ਸਕੱਤਰ ਵੀਕੇ ਜੰਜੂਆ ਨੇ ਟਰਾਂਸਪੋਰਟ ਮਹਿਕਮੇ ਨੂੰ ਹਦਾਇਤ ਕੀਤੀ ਹੈ ਕਿ ਰੇਤੇ ਦੀ ਢੋਆ-ਢੁਆਈ ਟਰੈਕਟਰ-ਟਰਾਲੀ ਰਾਹੀਂ ਕਰਨ ਲਈ ਕਾਨੂੰਨੀ ਬਦਲ ਲੱਭਿਆ ਜਾਵੇ।
ਮੌਸਮ ਫਸਲਾਂ ਦੌਰਾਨ ਹੀ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਤੋਂ ਕੰਮ ਲੈਂਦੇ ਹਨ। ਬਾਕੀ ਸਮਾਂ ਕਿਸਾਨਾਂ ਦੇ ਟਰੈਕਟ-ਟਰਾਲੀ ਵਿਹਲੇ ਹੁੰਦੇ ਹਨ। ਰੇਤ ਖੱਡਾਂ ਤੋਂ ਰੇਤਾ ਟਰੈਕਟਰ ਟਰਾਲੀ ਉਤੇ ਲਿਆਉਣ ਨਾਲ ਜਿੱਥੇ ਕਿਸਾਨਾਂ ਨੂੰ ਵੀ ਮਾਲੀ ਮਦਦ ਮਿਲੇਗੀ ਉੱਥੇ ਲੋਕਾਂ ਨੂੰ ਵੀ ਸਹੀ ਭਾਅ ਉੱਤੇ ਰੇਤ ਮਿਲੇਗੀ। ਮਾਈਨਿੰਗ ਵਿਭਾਗ ਇਸ ਵੇਲੇ ਖ਼ੁਦ ਰੇਤੇ ਦੀ ਖ਼ੁਦਾਈ ਕਰ ਰਿਹਾ ਹੈ ਪਰ ਫਿਰ ਵੀ ਰੇਤੇ ਦਾ ਭਾਅ ਸਿਖਰ ਉਤੇ ਹੈ। ਪੰਜਾਬ ਵਿਚ ਰੇਤੇ ਦੀ ਰੋਜ਼ਾਨਾ ਵਿਕਰੀ ਇਕ ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ ਜਦਕਿ ਪਹਿਲਾਂ ਇਹ ਵਿਕਰੀ ਔਸਤਨ 30 ਹਜ਼ਾਰ ਮੀਟ੍ਰਿਕ ਟਨ ਤੱਕ ਹੀ ਰਹਿੰਦੀ ਸੀ।
ਇਹ ਵੀ ਪੜ੍ਹੋ : ਹਰੀ ਸਿੰਘ ਨਲੂਆ ਦੀ ਬਹਾਦਰੀ ਨੂੰ ਦਰਸਾਉਂਦਾ ਸਿੱਧੂ ਮੂਸੇਵਾਲਾ ਦਾ ਗੀਤ 'ਵਾਰ' ਹੋਇਆ ਰਿਲੀਜ਼
ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਖੱਡਾਂ ਤੋਂ ਰੇਤ 9.45 ਰੁਪਏ (ਸਮੇਤ ਟੈਕਸ) ਕਿਊਬਿਕ ਫੁੱਟ ਦੇ ਰਹੀ ਹੈ ਜਦਕਿ ਲੋਕਾਂ ਨੂੰ ਇਹ ਰੇਤ 45 ਤੋਂ 50 ਰੁਪਏ ਪ੍ਰਤੀ ਕਿਊਬਿਕ ਫੁੱਟ ਮਿਲ ਰਿਹਾ ਹੈ। ਖੱਡਾਂ ਤੋਂ ਰੇਤਾ 225 ਰੁਪਏ ਪ੍ਰਤੀ ਟਨ ਹੈ ਜਦਕਿ ਖਪਤਕਾਰ ਨੂੰ 1225 ਰੁਪਏ ਟਨ ਮਿਲ ਰਹੀ ਹੈ। ਮਤਲਬ ਕਿ ਇੱਕ ਹਜ਼ਾਰ ਰੁਪਏ ਪ੍ਰਤੀ ਟਨ ਦੀ ਕਮਾਈ ਇਸ ਕਾਰੋਬਾਰ ਨਾਲ ਜੁੜੇ ਟਰਾਂਸਪੋਰਟਰ ਕਰ ਰਹੇ ਹਨ। ਟਰਾਂਸਪੋਰਟਰ ਵਿਚੋਲੇ ਬਣ ਕੇ ਮੋਟਾ ਪੈਸਾ ਖਾ ਰਹੇ ਹਨ ਅਤੇ ਲੋਕ ਮਹਿੰਗੇ ਭਾਅ ਉਤੇ ਰੇਤਾ ਖ਼ਰੀਦਣ ਲਈ ਮਜਬੂਰ ਹਨ।
- PTC NEWS