Gurdaspur News : ਖੇਤਾਂ ਨੂੰ ਲੱਗੀ ਭਿਆਨਕ ਅੱਗ, 400 ਏਕੜ ਦੇ ਕਰੀਬ ਕਣਕ ਸੜ ਕੇ ਹੋਈ ਸੁਆਹ, ਫਾਇਰ ਬ੍ਰਿਗੇਡ ਦੇ ਦੇਰੀ ਨਾਲ ਪਹੁੰਚਣ 'ਤੇ ਕਿਸਾਨਾਂ 'ਚ ਭਾਰੀ ਰੋਸ
Gurdaspur News : ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਕਸਬਾ ਕਲਾਨੌਰ ਦੇ ਨਜ਼ਦੀਕ ਕਿਸਾਨਾਂ ਦੀ ਪੂਰੀ ਤਰ੍ਹਾਂ ਨਾਲ ਪੱਕੀ ਹੋਈ ਕਣਕ ਨੂੰ ਅਚਾਨਕ ਅੱਗ ਗਈ ਹੈ। ਦੇਖਦੇ ਹੀ ਦੇਖਦੇ ਹਵਾ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਕਰੀਬ 350 ਏਕੜ ਤੋਂ ਵੱਧ ਕਣਕ ਸੜ ਕੇ ਪੂਰੀ ਤਰ੍ਹਾਂ ਨਾਲ ਸੁਆਹ ਹੋ ਗਈ। ਇਸ ਦੌਰਾਨ ਇੱਕ ਖੇਤ ਵਿੱਚ ਸਟੋਰ ਕੀਤੀਆਂ ਗਈਆ ਪਰਾਲੀ ਦੀਆਂ ਪੰਡਾਂ ਵੀ ਸੜ ਕੇ ਸੁਆਹ ਹੋ ਗਈਆਂ ।
ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸੱਕਿਆ ਪਰ ਕਿਸਾਨਾਂ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੇੜੇ ਦੇ ਸ਼ੈਲਰ ਨੂੰ ਦਿੱਤੀ ਗਈ ਬਿਜਲੀ ਦੀ ਸਪਲਾਈ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋਣ ਕਾਰਨ ਇਹ ਨੁਕਸਾਨ ਹੋਇਆ ਹੈ। ਕਿਸਾਨਾਂ ਵਿੱਚ ਭਾਰੀ ਰੋਸ਼ ਵੇਖਣ ਨੂੰ ਮਿਲਿਆ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਰੀਬ ਦੋ ਘੰਟੇ ਦੀ ਦੇਰੀ ਨਾਲ ਇੱਥੇ ਪਹੁੰਚੀਆਂ ਸਨ।
ਹਾਲਾਂਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੋ ਡੇਰਾ ਬਾਬਾ ਨਾਨਕ , ਬਟਾਲਾ ਤੇ ਗੁਰਦਾਸਪੁਰ ਤੋਂ ਮੰਗਵਾਈਆਂ ਗਈਆਂ ਸਨ ਵੱਲੋਂ ਲਗਾਤਾਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਚੱਲ ਰਹੀ ਹਵਾ ਕਾਰਨ ਅੱਗ 'ਤੇ ਜਲਦੀ ਕਾਬੂ ਨਹੀਂ ਪਾਇਆ ਜਾ ਸਕਿਆ। ਉੱਥੇ ਹੀ ਭਿਆਨਕ ਹੁੰਦੀ ਜਾ ਰਹੀ ਅੱਗ ਬੁਝਾਉਣ ਲਈ ਬੀਐਸਐਫ ਅਧਿਕਾਰੀ ਅਤੇ ਜਵਾਨ ਵੀ ਮੌਕੇ 'ਤੇ ਪਹੁੰਚੇ ਤੇ ਅੱਗ ਬੁਝਾਉਣ ਵਿੱਚ ਆਪਣਾ ਯੋਗਦਾਨ ਪਾਇਆ।
- PTC NEWS