Farmer Meeting with Punjab Government : ਪੰਜਾਬ ਸਰਕਾਰ ਨਾਲ ਮੀਟਿੰਗ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਦਾ ਵੱਡਾ ਐਲਾਨ, SKM ਆਗੂ ਪਹੁੰਚੇ ਚੰਡੀਗੜ੍ਹ
Farmer meeting with Punjab Govermnent : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਖਿਲਾਫ਼ ਐਕਸ਼ਨ ਕਰਕੇ ਜ਼ਬਰਦਸਤੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਖੁਲ੍ਹਵਾਉਣ ਤੋਂ ਬਾਅਦ ਇੱਕ ਵਾਰ ਮੁੜ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ। ਮੀਟਿੰਗ ਅੱਜ ਸ਼ਾਮ 4 ਵਜੇ ਕੀਤੀ ਜਾਣੀ ਹੈ, ਪਰ ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇਸ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪੰਜਾਬ ਸਰਕਾਰ ਵੱਲੋਂ ਮੀਟਿੰਗ ਬਹਾਨੇ ਚੰਡੀਗੜ੍ਹ ਸੱਦ ਕੇ ਹਿਰਾਸਤ ਵਿੱਚ ਲੈਣ ਦਾ ਖਦਸ਼ਾ ਜਤਾਉਂਦਿਆਂ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ।
ਸੰਯੁਕਤ ਕਿਸਾਨ ਮੋਰਚਾ (SKM Punjab Chapter) ਦੇ ਆਗੂ ਮੀਟਿੰਗ ਲਈ ਪਹੁੰਚੇ
ਪੰਜਾਬ ਸਰਕਾਰ ਨਾਲ ਮੀਟਿੰਗ 'ਤੇ ਇੱਕ ਪਾਸੇ ਉਗਰਾਹਾਂ ਜਥੇਬੰਦੀ ਵੱਲੋਂ ਇਨਕਾਰ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਦੇ ਆਗੂ ਮੀਟਿੰਗ ਲਈ ਚੰਡੀਗੜ੍ਹ ਪਹੁੰਚ ਵੀ ਚੁੱਕੇ ਹਨ। ਸਾਰੇ ਕਿਸਾਨ ਆਗੂ ਪੰਜਾਬ ਭਵਨ ਵਿੱਚ ਬੈਠੇ ਵਿਖਾਈ ਦੇ ਰਹੇ ਹਨ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਸ਼ਾਮ 4 ਵਜੇ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਐਸਕੇਐਮ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ।
ਉਗਰਾਹਾਂ ਨੇ ਕਿਉਂ ਕੀਤਾ ਮੀਟਿੰਗ 'ਚ ਸ਼ਾਮਲ ਨਾ ਹੋਣ ਦਾ ਫੈਸਲਾ ?
ਉਗਰਾਹਾਂ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨਾਲ ਮੀਟਿੰਗ ਨੂੰ ਠੁਕਰਾਉਣ ਦਾ ਕਾਰਨ ਚੰਡੀਗੜ੍ਹ ਸੱਦ ਕੇ ਹਿਰਾਸਤ ਵਿੱਚ ਲਏ ਜਾਣ ਦਾ ਖਦਸ਼ਾ ਸਾਹਮਣੇ ਆ ਰਿਹਾ ਹੈ। ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਵੇਗੀ, ਕਿਉਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਏ ਜਾਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੱਦੀ ਗਈ ਇਸ ਮੀਟਿੰਗ 'ਤੇ ਉਨ੍ਹਾਂ ਨੂੰ ਭਰੋਸਾ ਨਹੀਂ ਹੈ, ਕਿਉਂਕਿ ਮੁੱਖ ਮੰਤਰੀ ਜੇਕਰ ਖੁਦ ਮੀਟਿੰਗ ਵਿੱਚ ਬੈਠਣਗੇ ਤਾਂ ਹੀ ਕੋਈ ਗੱਲਬਾਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਥੋਂ ਪਿਛਲੀ ਵਾਰ ਮੁੱਖ ਮੰਤਰੀ ਨਾਲ ਮੀਟਿੰਗ ਟੁੱਟੀ ਸੀ, ਉਥੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਮੀਟਿੰਗ ਦਾ ਸੱਦਾ ਦੇ ਰਹੀ ਹੈ, ਜਦਕਿ ਦੂਜੇ ਪਾਸੇ ਕਿਸਾਨਾਂ ਉਪਰ ਐਕਸ਼ਨ ਉਨ੍ਹਾਂ ਦਾ ਸਮਾਨ ਕਬਜ਼ੇ 'ਚ ਲੈ ਲਿਆ ਹੈ ਅਤੇ ਵਾਪਸ ਨਹੀਂ ਕੀਤਾ ਗਿਆ, ਸੋ ਅਜਿਹੇ ਮਾਹੌਲ ਵਿੱਚ ਗੱਲਬਾਤ ਨਹੀਂ ਹੋ ਸਕਦੀ।
- PTC NEWS