ਨਾਜਾਇਜ਼ ਮਾਈਨਿੰਗ ਨੂੰ ਰੋਕਣ 'ਤੇ ਕਿਸਾਨ ਆਗੂ ਨੂੰ ਟਰੈਕਟਰ ਨਾਲ ਕੁਚਲ ਕੇ ਉਤਾਰਿਆ ਮੌਤ ਦੇ ਘਾਟ
ਚੰਡੀਗੜ੍ਹ : ਲਾਲੜੂ ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਬਡਾਣਾ 'ਚ ਸ਼ਾਮਲਾਤ ਜ਼ਮੀਨ 'ਚੋਂ ਨਾਜਾਇਜ਼ ਮਾਈਨਿੰਗ ਕਰ ਰਹੇ ਟਰੈਕਟਰ-ਟਰਾਲੀ ਨੂੰ ਰੋਕਣ ਗਏ ਕਿਸਾਨ ਆਗੂ ਗੁਰਚਰਨ ਸਿੰਘ ਨੂੰ ਟਰੈਕਟਰ ਨਾਲ ਕੁਚਲ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਛੱਜੂ ਸਿੰਘ, ਜਸਵਿੰਦਰ ਸਿੰਘ ਉਰਫ਼ ਛਿੰਦਾ ਪੁੱਤਰ ਵੀਰ ਸਿੰਘ, ਹਰਵਿੰਦਰ ਸਿੰਘ ਉਰਫ਼ ਗੱਗੂ ਪੁੱਤਰ ਕਿਰਪਾਲ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੇ ਸਿਰਫ਼ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਪੰਜ ਮੁਲਜ਼ਮ ਪੁਲਿਸ ਦੀ ਪਹੁੰਚ ਤੋਂ ਬਾਹਰ ਦੱਸੇ ਜਾ ਰਹੇ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਹੰਡੇਸਰਾ ਦੇ ਮੁਖੀ ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਗੁਰਚਰਨ ਸਿੰਘ ਉਮਰ ਕਰੀਬ 70 ਸਾਲ ਬਡਾਣਾ ਦਾ ਰਹਿਣ ਵਾਲਾ ਸੀ। ਮੁਲਜ਼ਮਾਂ ਨੂੰ ਡੇਰਾਬੱਸੀ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮ੍ਰਿਤਕ ਦੇ ਪੁੱਤਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਡਾਣਾ ਦੀ ਸ਼ਾਮਲਾਟ ਜ਼ਮੀਨ 'ਚ ਕੁਝ ਵਿਅਕਤੀ ਮਾਈਨਿੰਗ ਕਰ ਰਹੇ ਸਨ। ਰਾਤ ਕਰੀਬ 11.30 ਵਜੇ ਮਾਈਨਿੰਗ ਕਰਨ ਵਾਲੇ ਟਰੈਕਟਰ-ਟਰਾਲੀਆਂ ਦੀ ਆਵਾਜ਼ ਸੁਣ ਕੇ ਉਸ ਦਾ ਪਿਤਾ ਮੌਕੇ 'ਤੇ ਪਹੁੰਚ ਗਿਆ ਅਤੇ ਉਸ ਦੇ ਪਿਤਾ ਨਾਲ ਮਹਿੰਦਰ ਸਿੰਘ ਵੀ ਮੌਜੂਦ ਸੀ। ਜਿਸ ਤੋਂ ਬਾਅਦ ਉਸ ਨੇ ਮੌਕੇ 'ਤੇ ਪਹੁੰਚ ਕੇ ਮਾਈਨਿੰਗ ਕਰਨ ਵਾਲੀ ਟਰੈਕਟਰ ਟਰਾਲੀ ਨੂੰ ਰੋਕ ਕੇ ਪੁੱਛਿਆ ਕਿ ਉਕਤ ਮਿੱਟੀ ਕਿੱਥੇ ਲਿਜਾਈ ਜਾ ਰਹੀ ਹੈ। ਇਸ ਤੋਂ ਬਾਅਦ ਡਰਾਈਵਰ ਵੱਲੋਂ ਬੁਲਾਉਣ 'ਤੇ ਛੇ-ਸੱਤ ਨੌਜਵਾਨ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਟਰੈਕਟਰ ਟਰਾਲੀ ਨੂੰ ਜਾਣ ਦੇਣ ਲਈ ਕਹਿਣ ਲੱਗੇ।
ਉਨ੍ਹਾਂ ਨਾਲ ਬਹਿਸ ਅਜੇ ਚੱਲ ਹੀ ਰਹੀ ਸੀ ਕਿ ਉਸੇ ਸਮੇਂ ਚਾਰ ਨੌਜਵਾਨ ਦੂਜੇ ਪਾਸੇ ਆ ਗਏ, ਜਿਨ੍ਹਾਂ ਵਿੱਚ ਜਸਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਛੱਜੂ ਸਿੰਘ, ਜਸਵਿੰਦਰ ਸਿੰਘ ਉਰਫ਼ ਛਿੰਦਾ ਪੁੱਤਰ ਵੀਰ ਸਿੰਘ ਵੀ ਸ਼ਾਮਲ ਸਨ। ਉਸ ਨੇ ਆਉਂਦਿਆਂ ਹੀ ਕਿਹਾ ਕਿ ਮੈਂ ਟਰੈਕਟਰ ਚਲਾਉਂਦਾ ਹਾਂ, ਦੇਖਦੇ ਹਾਂ ਕੌਣ ਰੋਕਦਾ ਹੈ ਤਾਂ ਦੂਜੇ ਨੌਜਵਾਨ ਨੇ ਕਿਹਾ ਕਿ ਤੁਸੀਂ ਪਿੱਛੇ ਹਟ ਜਾਓ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਪਿਤਾ ਗੁਰਚਰਨ ਸਿੰਘ ਨੂੰ ਟਰੈਕਟਰ-ਟਰਾਲੀ ਨਾਲ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ। ਉਸ ਨੇ ਟਰੈਕਟਰ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਟਰੈਕਟਰ ਨਹੀਂ ਰੁਕਿਆ। ਸ਼ਿਕਾਇਤਕਰਤਾ ਤੇ ਉਸਦੇ ਸਾਥੀ ਗੁਰਪ੍ਰੀਤ ਸਿੰਘ ਨੇ ਟਰੈਕਟਰ-ਟਰਾਲੀ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : PSTET 2023 ਪ੍ਰੀਖਿਆ ਦਾ ਹੋਇਆ ਐਲਾਨ, ਇਸ ਦਿਨ ਹੋਵੇਗਾ ਟੈਸਟ
ਇਸ ਤੋਂ ਬਾਅਦ ਉਸ ਨੇ ਤੁਰੰਤ ਗੁਰਪ੍ਰੀਤ ਤੇ ਹਰਜੀਤ ਸਿੰਘ ਦੀ ਮਦਦ ਨਾਲ ਪਿਤਾ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਡੇਰਾਬੱਸੀ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਪੁੱਤਰ ਭੁਪਿੰਦਰ ਸਿੰਘ ਦੇ ਬਿਆਨਾਂ ਉਤੇ ਜਸਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਛੱਜੂ ਸਿੰਘ, ਜਸਵਿੰਦਰ ਸਿੰਘ ਉਰਫ਼ ਛਿੰਦਾ ਪੁੱਤਰ ਵੀਰ ਸਿੰਘ, ਹਰਵਿੰਦਰ ਸਿੰਘ ਉਰਫ਼ ਗੱਗੂ ਪੁੱਤਰ ਕਿਰਪਾਲ ਸਿੰਘ ਅਤੇ ਤਿੰਨ ਹੋਰ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮਾਈਨਿੰਗ ਐਕਟ ਦੀ ਧਾਰਾ 302 379 ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਮੌਕੇ ਤੋਂ ਇਕ ਟਰੈਕਟਰ-ਟਰਾਲੀ ਸਮੇਤ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
- PTC NEWS