Punjab News : ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ,ਪੁਲਿਸ ਅਤੇ ਸਰਕਾਰ ਨੂੰ ਦਿੱਤੀ ਚੇਤਾਵਨੀ
Punjab News : ਪਟਿਆਲਾ ਦੇ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਨਾਲ ਮੀਟਿੰਗਾਂ ਚੱਲ ਰਹੀਆਂ ਹਨ ,ਦੂਜੇ ਪਾਸੇ ਕਿਸਾਨ ਆਗੂਆਂ ਨੂੰ ਮੀਟਿੰਗ 'ਚ ਬੁਲਾ ਕੇ ਡਿਟੇਨ ਕਰਕੇ ਅਲੱਗ -ਅਲੱਗ ਜਗ੍ਹਾ ਰੱਖਿਆ ਗਿਆ,ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਸ 'ਚ ਮਿਲਣ ਨਹੀਂ ਦਿੱਤਾ ਜਾ ਰਿਹਾ ਅਤੇ ਕਿਸਾਨਾਂ ਦਾ ਸਮਾਨ ਗਾਇਬ ਕੀਤਾ ਗਿਆ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ MLA ਗੁਰਲਾਲ ਘਨੌਰ ਦਾ ਨਾਮ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਦੇ ਮਾਮਲੇ 'ਚ ਆ ਰਿਹਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜਿਨ੍ਹਾਂ ਨੌਜਵਾਨਾਂ ਜਾਂ ਪੱਤਰਕਾਰਾਂ ਨੇ ਕਿਸਾਨਾਂ ਦਾ ਸਮਾਨ ਲੱਭਣ 'ਚ ਮਦਦ ਕੀਤੀ , ਉਨ੍ਹਾਂ ਦੇ ਕੈਮਰੇ ਤੋੜੇ ਗਏ। ਇਥੋਂ ਤੱਕ ਸਮਾਨ ਲੱਭਣ ਵਾਲੇ ਇੱਕ ਨੌਜਵਾਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ , ਜੋ ਬਹੁਤ ਹੀ ਦੁੱਖ ਦੀ ਗੱਲ ਹੈ।
ਇਸ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਕਾਫਲੇ ਸਮੇਤ ਸੰਗਰੂਰ, ਬਰਨਾਲਾ, ਬਠਿੰਡਾ ਹੁੰਦੇ ਹੋਏ ਫਰੀਦਕੋਟ ਨੂੰ ਰਵਾਨਾ ਹੋਣਗੇ। ਪਿੰਡ ਡੱਲੇਵਾਲਾ ਵਿਚ ਹੋਣ ਵਾਲਾ ਅੱਜ ਦਾ ਕਿਸਾਨਾਂ ਦਾ ਇਕੱਠ ਕਿਸਾਨ ਸੰਘਰਸ਼ ਦਾ ਭਵਿੱਖ ਤੈਅ ਕਰੇਗਾ। ਪੰਜਾਬ ਵਿੱਚ ਹੁਣ ਜਿਲ੍ਹਾ ਪੱਧਰ ਦੀਆਂ ਕਿਸਾਨ ਪੰਚਾਇਤਾਂ ਰਾਹੀਂ ਹੋਣ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਅੱਜ ਪਿੰਡ ਡੱਲੇਵਾਲ ਤੋਂ ਹੋ ਰਹੀ ਹੈ।
ਦੱਸ ਦੇਈਏ ਕੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਡੱਲੇਵਾਲ ਵਿੱਚ ਮਹਾਂ ਪੰਚਾਇਤ ਹੋਣ ਜਾ ਰਹੀ ਹੈ। ਡੱਲੇਵਾਲ ਖੁਦ ਇਸ ਮਹਾਂ ਪੰਚਾਇਤ ਦੀ ਅਗਵਾਈ ਕਰਨਗੇ ਅਤੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਅਗਲੇ ਸੰਘਰਸ਼ ਦੀ ਯੋਜਨਾ ਦਾ ਐਲਾਨ ਕਰਨਗੇ। ਇਹ ਕਿਸਾਨ ਮਹਾਂ ਪੰਚਾਇਤ ਪਿੰਡ ਡੱਲੇਵਾਲਾ ਦੇ ਗੋਲੇਵਾਲਾ ਰੋਡ ‘ਤੇ ਆਯੋਜਿਤ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਕਿਹਾ ਕਿ ਕਿਸੇ ਵੀ ਕਿਸਮ ਦਾ ਰੋਡ ਬਲਾਕ ਨਹੀਂ ਕੀਤਾ ਜਾਵੇਗਾ ਅਤੇ ਸੰਪੂਰਨ ਪ੍ਰੋਗਰਾਮ ਸ਼ਾਂਤੀਪੂਰਵਕ ਹੋਵੇਗਾ।
- PTC NEWS