ਸਮਾਣਾ ਦੇ ਪਿੰਡ ਤਨੇਠਾ ’ਚੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕਿਸਾਨ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਧਰਮਪਾਲ ਸਿੰਘ ਵਜੋਂ ਹੋਈ ਹੈ ਜੋ ਕਿ ਕਣਕ ਦੇ ਖੇਤ ਨੂੰ ਪਾਣੀ ਲਗਾਉਣ ਗਿਆ ਸੀ ਉਸ ਸਮੇਂ ਉਸਦਾ ਬੇਟਾ ਵੀ ਨਾਲ ਸੀ ਜਿਵੇਂ ਹੀ ਉਹ ਦੂਜੇ ਪਾਸੇ ਜਾਣ ਲੱਗਿਆ ਤਾਂ ਇੱਕ ਗੱਡੇ ਵਿੱਚੋਂ ਨਿਕਲੇ ਸੱਪ ਨੇ ਕਿਸਾਨ ਨੂੰ ਡੰਗ ਲਿਆ।
ਜਿਸ ਤੋਂ ਬਾਅਦ ਕਿਸਾਨ ਨੂੰ ਗੰਬੀਰ ਹਾਲਤ ’ਚ ਸਮਾਣਾ ਦੇ ਸਰਕਾਰੀ ਹਸਪਤਾਲ ’ਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਪਟਿਆਲਾ ਦੇ ਰਾਜਿੰਦਰ ਹਸਪਤਾਲ ਰੈਫਰ ਕਰ ਦਿੱਤਾ ਪਰ ਉਸਦੀ ਰਸਤੇ ’ਚ ਹੀ ਮੌਤ ਹੋ ਗਈ।
ਪਿੰਡ ਦੇ ਸਰਪੰਚ ਗੁਰਦੀਪ ਸਿੰਘ ਅਤੇ ਉਸਦੇ ਬੇਟੇ ਰਵੀ ਸਿੰਘ ਨੇ ਦੱਸਿਆ ਕਿ ਧਰਮਪਾਲ ਸਿੰਘ ਖੇਤ ਦੇ ਵਿੱਚ ਹੀ ਕਣਕ ਨੂੰ ਪਾਣੀ ਲਗਾ ਰਿਹਾ ਸੀ ਕਿ ਨੱਕਾ ਟੁੱਟ ਗਿਆ ਜਿਸ ਨਾਲ ਉਹ ਪਾਣੀ ਬੰਦ ਕਰਨ ਲਈ ਦੂਜੇ ਵੱਟ ’ਤੇ ਜਾ ਹੀ ਰਿਹਾ ਸੀ ਕਿ ਖੱਡ ਵਿੱਚੋਂ ਨਿਕਲ ਕੇ ਆਏ ਸੱਪ ਨੇ ਉਸਨੂੰ ਡੱਸ ਲਿਆ ਜਿਸ ਕਰਕੇ ਉਸਦੀ ਮੌਤ ਹੋ ਗਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਹਾਲਤ ਬੇਹੱਦ ਹੀ ਮਾੜੀ ਹਾਲਤ ਹੈ ਜਿਸ ਕਾਰਨ ਪ੍ਰਸ਼ਾਸਨ ਤੇ ਸਰਕਾਰ ਨੂੰ ਉਨ੍ਹਾਂ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ।
ਮਦੀ ਕਲਾ ਪੁਲਿਸ ਚੌਂਕੀ ਦੇ ਇੰਚਾਰਜ ਬਲਕਾਰ ਸਿੰਘ ਨਿਰਮਾਣ ਨਾਲ ਗੱਲਬਾਤ ਕਰਨ ’ਤੇ ਉਹਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਹੈ ਜਿਸ ਰਾਹੀਂ ਪਤਾ ਲੱਗਿਆ ਹੈ ਕਿ ਕਿਸਾਨ ਧਰਮਪਾਲ ਦੀ ਮੌਤ ਸੱਪ ਦੇ ਡੱਗਣ ਕਾਰਨ ਹੋਈ ਹੈ। ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਧਰਮਪਾਲ ਖੇਤਾਂ ’ਚ ਪਾਣੀ ਲਾ ਰਿਹਾ ਸੀ। ਫਿਲਹਾਲ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਨੂੰ ਦਰਜ ਕਰ ਲਿਆ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।
- PTC NEWS