ਫਾਰਮ ਹਾਊਸ ਸੀਲ ਮਾਮਲਾ: BJP ਆਗੂ ਦਵਿੰਦਰ ਬਬਲਾ ਨੂੰ ਹਾਈਕੋਰਟ ਤੋਂ ਵੱਡੀ ਰਾਹਤ
ਚੰਡੀਗੜ੍ਹ: ਚੰਡੀਗੜ੍ਹ ਭਾਜਪਾ ਦੇ ਮੀਤ ਪ੍ਰਧਾਨ ਦਵਿੰਦਰ ਸਿੰਘ ਬਬਲਾ ਨੂੰ ਗਮਾਡਾ ਵੱਲੋਂ ਫਾਰਮ ਹਾਊਸ ਸੀਲ ਕੀਤੇ ਜਾਣ ਦੇ ਮਾਮਲੇ ਵਿੱਚ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਮੁੱਲਾਂਪੁਰ 'ਚ ਗਮਾਡਾ ਵੱਲੋਂ ਉਨ੍ਹਾਂ ਦੇ ਫਾਰਮ ਹਾਊਸ ਨੂੰ ਸੀਲ ਕਰਨ ਨੂੰ ਗਲਤ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਫਾਰਮ ਹਾਊਸ ਨੂੰ ਤੁਰੰਤ ਡੀ-ਸੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਦੱਸ ਦਈਏ ਕਿ ਬੀਤੇ ਦਿਨੀ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GAMADA) ਨੇ ਦਵਿੰਦਰ ਸਿੰਘ ਬਬਲਾ (Davinder Singh Babla) ਦਾ ਫਾਰਮ ਹਾਊਸ ਸੀਲ ਕੀਤਾ ਗਿਆ ਸੀ। ਗਮਾਡਾ ਨੇ ਭਾਜਪਾ ਆਗੂ ਦਾ ਮੁੱਲਾਂਪੁਰ ਵਾਲਾ ਫਾਰਮ ਹਾਊਸ ਸੀਲ ਕੀਤਾ ਸੀ, ਜੋ ਕਿ ਮੁੱਲਾਂਪੁਰ ਨਾਲ ਲੱਗਦੇ ਪਿੰਡ ਪੜੌਲ ਵਿੱਚ ਸਥਿਤ ਹੈ। ਫਾਰਮ ਹਾਊਸ ਨੂੰ ਗਮਾਡਾ ਨੇ ਬਾਹਰ ਤੋਂ ਉਦੋਂ ਸੀਲ ਕਰ ਦਿੱਤਾ ਸੀ, ਜਦੋਂ ਫਾਰਮ ਹਾਊਸ ਵਿੱਚ ਚਾਰ ਘੋੜੇ, 100 ਦੇ ਕਰੀਬ ਕਬੂਤਰ ਅਤੇ ਨੌਕਰ ਰਹਿ ਰਹੇ ਸਨ। ਫਾਰਮ ਨੂੰ ਸੀਲ ਕਰਨ ਪਿੱਛੇ ਗਮਾਡਾ ਨੇ ਕਿਹਾ ਸੀ ਕਿ ਫਾਰਮਹਾਊਸ ਦੀ ਕਾਰੋਬਾਰੀ ਵਰਤੋਂ ਕੀਤੀ ਜਾ ਰਹੀ ਸੀ, ਜੋ ਕਿ ਨਿਯਮਾਂ ਦੇ ਉਲਟ ਹੈ। ਇਸ ਪਿੱਛੋ ਭਾਜਪਾ ਆਗੂ ਨੇ ਹਾਈਕੋਰਟ 'ਚ ਅਰਜ਼ੀ ਦਾਖਲ ਕੀਤੀ ਸੀ ਅਤੇ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।
ਬੁੱਧਵਾਰ ਇਸ ਮਾਮਲੇ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਗਮਾਡਾ ਵੱਲੋਂ ਭਾਜਪਾ ਆਗੂ ਦੇ ਮੁੱਲਾਂਪੁਰ ਸਥਿਤ ਫਾਰਮ ਹਾਊਸ ਸੀਲ ਕਰਨ ਦੇ ਹੁਕਮਾਂ ਨੂੰ ਗਲਤ ਕਰਾਰ ਦਿੱਤਾ। ਨਾਲ ਹੀ ਅਧਿਕਾਰੀਆਂ ਨੂੰ ਇਸ ਨੂੰ ਤੁਰੰਤ ਡੀ-ਸੀਲ ਕਰਨ ਦੇ ਹੁਕਮ ਦਿੱਤੇ ਹਨ।
ਹਾਈਕੋਰਟ ਨੇ ਪੰਜਾਬ ਸਰਕਾਰ (Punjab Government) ਅਤੇ ਗਮਾਡਾ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਨਵੇਂ ਸਿਰ੍ਹੇ ਤੋਂ ਭਾਜਪਾ (Chandigarh BJP) ਆਗੂ ਨੂੰ ਨੋਟਿਸ ਜਾਰੀ ਕਰੇ। ਨੋਟਿਸ ਤੋਂ ਬਾਅਦ ਉਨ੍ਹਾਂ ਦਾ ਪੱਖ ਸੁਣਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਹਾਈਕੋਰਟ ਨੇ ਭਾਜਪਾ ਆਗੂ ਨੂੰ ਵੀ ਹੁਕਮ ਕੀਤੇ ਹਨ ਕਿ ਉਹ ਉਦੋਂ ਤੱਕ ਆਪਣੇ ਫਾਰਮ ਹਾਊਸ ਦੀ ਕਮਰਸ਼ੀਅਲ ਵਰਤੋਂ ਨਹੀਂ ਕਰਨਗੇ।
-