ਝੂਠਾ ਪੁਲਿਸ ਮੁਕਾਬਲਾ: 30 ਸਾਲਾਂ ਬਾਅਦ ਪਰਿਵਾਰ ਨੂੰ ਮਿਲਿਆ ਇਨਸਾਫ਼, ਦੋਸ਼ੀਆਂ ਨੂੰ ਉਮਰ ਕੈਦ
ਮੁਹਾਲੀ, 7 ਨਵੰਬਰ: ਮੁਹਾਲੀ ਸੀ.ਬੀ.ਆਈ ਅਦਾਲਤ ਨੇ 2 ਦੋਸ਼ੀਆਂ ਨੂੰ 1993 ਦੇ ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਸਜ਼ਾ ਸੁਣਾ ਦਿੱਤੀ ਹੈ। ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਨੇ ਦੋਸ਼ੀਆਂ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਉਸ ਵੇਲੇ ਦੇ ਹੈੱਡ ਕਾਂਸਟੇਬਲ ਸ਼ਮਸ਼ੇਰ ਸਿੰਘ ਅਤੇ ਸਹਾਇਕ ਇੰਸਪੈਕਟਰ ਜਗਤਾਰ ਸਿੰਘ ਨੇ ਫਰਜ਼ੀ ਮੁਕਾਬਲੇ ਨੂੰ ਅੰਜਾਮ ਦਿੱਤਾ ਸੀ। ਉਸ ਵੇਲੇ ਰਿਕਵਰੀ ਦੇ ਬਹਾਨੇ ਪੁਲਿਸ ਹਰਬੰਸ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ, ਜਿਸ ਦਾ ਉਨ੍ਹਾਂ ਝੂਠੇ ਪੁਲਿਸ ਮੁਕਾਬਲੇ 'ਚ ਕਤਲ ਕਰ ਦਿੱਤਾ ਸੀ। ਪੁਲਿਸ ਜਾਂਚ 'ਚ 4 ਪੁਲਿਸ ਮੁਲਾਜ਼ਮਾਂ 'ਤੇ ਦੋਸ਼ ਸੱਚ ਸਾਬਿਤ ਹੋਏ, ਜਿਨ੍ਹਾਂ 'ਚ 2 ਪੁਲਿਸ ਮੁਲਾਜ਼ਮਾਂ ਦੀ ਸੁਣਵਾਈ ਦੌਰਾਨ ਹੀ ਮੌਤ ਹੋ ਗਈ ਸੀ। ਇਸ ਫਰਜ਼ੀ ਪੁਲਿਸ ਮੁਕਾਬਲੇ 'ਚ ਪਰਿਵਾਰ ਨੂੰ 30 ਸਾਲ ਬਾਅਦ ਇਨਸਾਫ਼ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਹਰਬੰਸ ਸਿੰਘ ਵਾਸੀ ਪਿੰਡ ਉਬੋਕੇ ਦਾ ਫਰਜ਼ੀ ਮੁਕਾਬਲਾ ਕੀਤਾ ਗਿਆ ਸੀ। ਉਸ ਦੌਰਾਨ ਪੁਲਿਸ ਨੇ ਹਰਬੰਸ ਦੇ ਨਾਲ ਇੱਕ ਅਣਪਛਾਤੇ ਵਿਅਕਤੀ ਨੂੰ ਵੀ ਮਾਰ ਮੁਕਾਇਆ ਸੀ। ਇਹ ਮਾਮਲਾ 1993 ਦਾ ਹੈ।
ਮ੍ਰਿਤਕ ਹਰਬੰਸ ਸਿੰਘ ਦੇ ਭਰਾ ਨਿਰਮਲ ਸਿੰਘ ਨੇ ਇਹ ਕਾਨੂੰਨੀ ਲੜਾਈ ਲੜੀ ਤੇ ਇਸ ਇਨਸਾਫ਼ ਦੀ ਲੜਾਈ 'ਚ ਜਿੱਤ ਹਾਸਿਲ ਕੀਤੀ। ਸੀ.ਬੀ.ਆਈ. ਜਾਂਚ ਵਿੱਚ ਇਹ ਮੁਕਾਬਲਾ ਫਰਜ਼ੀ ਪਾਇਆ ਗਿਆ ਜਿਸ ਕਾਰਨ 25 ਜਨਵਰੀ 1999 ਨੂੰ ਸੀ.ਬੀ.ਆਈ. ਨੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।
ਤਰਨਤਾਰਨ ਥਾਣਾ ਸਦਰ ਦੇ ਤਤਕਾਲੀ ਇੰਚਾਰਜ ਹੈੱਡ ਕਾਂਸਟੇਬਲ ਸ਼ਮਸ਼ੇਰ ਸਿੰਘ, ਐਸਆਈ ਪੂਰਨ ਸਿੰਘ, ਏਐਸਆਈ ਜਗੀਰ ਸਿੰਘ ਅਤੇ ਏਐਸਆਈ ਜਗਤਾਰ ਨੇ 1993 ਵਿੱਚ ਝੂਠੇ ਪੁਲਿਸ ਮੁਕਾਬਲਾ ਵਿੱਚ 2 ਲੋਕਾਂ ਦਾ ਕਤਲ ਕਰ ਦਿੱਤਾ ਸੀ।
- PTC NEWS