Fake female SHO arrested : ਅੰਮ੍ਰਿਤਸਰ 'ਚ ਨਕਲੀ ਮਹਿਲਾ SHO ਗ੍ਰਿਫ਼ਤਾਰ ,ਵੱਡੇ -ਵੱਡੇ ਅਫ਼ਸਰਾਂ ਨੂੰ ਕਰਦੀ ਸੀ ਬਲੈਕਮੇਲ
Fake female police inspector arrested : ਅੰਮ੍ਰਿਤਸਰ ਪੁਲਿਸ ਨੇ ਇੱਕ ਨਕਲੀ ਮਹਿਲਾ ਇੰਸਪੈਕਟਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਗ੍ਰਿਫ਼ਤਾਰ ਕੀਤੀ ਗਈ ਔਰਤ ਦੀ ਪਛਾਣ ਰਣਜੀਤ ਕੌਰ ਵਾਸੀ ਪ੍ਰਤਾਪ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ। ਉਕਤ ਮਹਿਲਾ ਨਕਲੀ ਪੁਲਿਸ ਅਫਸਰ ਬਣ ਕੇ ਵੱਡੇ -ਵੱਡੇ ਅਫਸਰਾਂ ਨੂੰ ਬਲੈਕਮੇਲ ਕਰਦੀ ਸੀ।
ਉਕਤ ਮਹਿਲਾ ਜਾਅਲੀ ਪੁਲਿਸ ਪਛਾਣ ਪੱਤਰ (ਆਈਡੀ) ਦੀ ਮਦਦ ਨਾਲ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸਦੀ ਸੀ। ਪੁਲਿਸ ਨੂੰ ਇਸ ਔਰਤ ਦੀਆਂ ਸ਼ੱਕੀ ਗਤੀਵਿਧੀਆਂ ਬਾਰੇ ਡੀਸੀ ਦਫ਼ਤਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੂਚਿਤ ਕੀਤਾ। ਅਧਿਕਾਰੀ ਨੇ ਕਿਹਾ ਕਿ ਔਰਤ ਲੰਬੇ ਸਮੇਂ ਤੋਂ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦੱਸ ਕੇ ਸਰਕਾਰੀ ਅਧਿਕਾਰੀਆਂ 'ਤੇ ਦਬਾਅ ਪਾ ਰਹੀ ਸੀ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਅੰਮ੍ਰਿਤਸਰ ਦੇ ਏਡੀਸੀ ਦਫ਼ਤਰ ਵਿਖੇ ਕਿਸੇ ਕੰਮ ਲਈ ਪਹੁੰਚੀ ਸੀ ਅਤੇ ਏਡੀਸੀ ਨੂੰ ਸ਼ੱਕ ਹੋਣ 'ਤੇ ਉਸ ਵੱਲੋਂ ਜਾਂਚ ਕੀਤੀ ਗਈ। ਜਾਂਚ ਦੌਰਾਨ ਮਹਿਲਾ ਦੇ ਫੇਕ ਅਫਸਰ ਵਜੋਂ ਪਾਏ ਜਾਣ 'ਤੇ ਮਾਮਲਾ ਦਰਜ ਕੀਤਾ ਗਿਆ। ਉਕਤ ਮਹਿਲਾ ਦੇ ਖਿਲਾਫ ਪਹਿਲਾਂ ਵੀ ਤਿੰਨ ਸੰਗੀਨ ਮਾਮਲੇ ਦਰਜ ਹਨ।
ਗ੍ਰਿਫ਼ਤਾਰੀ ਤੋਂ ਬਾਅਦ ਵੱਡਾ ਖੁਲਾਸਾ
ਜਾਂਚ ਦੌਰਾਨ ਪੁਲਿਸ ਨੂੰ ਉਸ ਕੋਲੋਂ ਇੱਕ ਜਾਅਲੀ ਪੁਲਿਸ ਪਛਾਣ ਪੱਤਰ ਅਤੇ ਕੁਝ ਹੋਰ ਦਸਤਾਵੇਜ਼ ਵੀ ਮਿਲੇ, ਜਿਨ੍ਹਾਂ ਦੀ ਵਰਤੋਂ ਉਹ ਆਪਣੀ ਪਛਾਣ ਲੁਕਾਉਣ ਅਤੇ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਲਈ ਕਰਦੀ ਸੀ। ਜਦੋਂ ਪੁਲਿਸ ਨੇ ਰਣਜੀਤ ਕੌਰ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਤਾਂ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਔਰਤ ਨੇ ਕਈ ਹੋਰ ਸਰਕਾਰੀ ਵਿਭਾਗਾਂ ਵਿੱਚ ਵੀ ਇਸੇ ਤਰ੍ਹਾਂ ਦੀ ਠੱਗੀ ਕਰ ਚੁੱਕੀ ਹੈ। ਫਿਲਹਾਲ, ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਦੇ ਤਾਰ ਹੋਰ ਕਿੱਥੇ-ਕਿੱਥੇ ਜੁੜੇ ਹੋਏ ਹਨ।
- PTC NEWS