Fake doctor arrested : ਡਾਕਟਰ ਦਾ ਕੋਟ ਪਹਿਨ ਕੇ AIMS ਦੇ ਹੋਸਟਲ 'ਚ ਦਾਖਲ ਹੋਈ ਮਹਿਲਾ, ਚੋਰੀ ਕੀਤੇ ਗਹਿਣੇ ਤੇ ਨਕਦੀ,CCTV ਵਿੱਚ ਕੈਦ ਹੋਈ ਨਕਲੀ ਡਾਕਟਰ
Delhi News : ਰਾਜਧਾਨੀ ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਹਿਲਾ ਨੇ ਖੁਦ ਨੂੰ ਡਾਕਟਰ ਦੱਸ ਕੇ ਏਮਜ਼ ਦੇ ਮਹਿਲਾ ਹੋਸਟਲ 'ਚੋਂ ਗਹਿਣੇ ਅਤੇ ਨਕਦੀ ਦੀ ਚੋਰੀ ਨੂੰ ਅੰਜ਼ਾਮ ਦਿੱਤਾ ਹੈ। ਇਹ ਚੋਰੀ ਦਿੱਲੀ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਮਹਿਲਾ ਡਾਕਟਰਾਂ ਦੇ ਹੋਸਟਲ ਵਿੱਚ ਹੋਈ ਹੈ। ਇੱਕ ਮਹਿਲਾ ,ਜੋ ਅਸਲ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਲੈਬ ਅਸਿਸਟੈਂਟ ਸੀ, ਉਸਨੇ ਡਾਕਟਰ ਦੇ ਭੇਸ ਵਿੱਚ ਹੋਸਟਲ ਵਿੱਚ ਐਂਟਰੀ ਲਈ ਅਤੇ ਉੱਥੋਂ ਗਹਿਣੇ ਅਤੇ ਨਕਦੀ ਚੋਰੀ ਕਰ ਲਈ।
ਖ਼ਬਰਾਂ ਅਨੁਸਾਰ ਮਹਿਲਾ ਨੇ ਹੋਸਟਲ ਦੇ ਇੱਕ ਕਮਰੇ ਵਿੱਚੋਂ ਇੱਕ ਸੋਨੇ ਦੀ ਚੇਨ, ਸੋਨੇ ਦੀ ਅੰਗੂਠੀ, ਝੁਮਕੇ, ਬਰੇਸਲੇਟ, 4,500 ਰੁਪਏ ਨਕਦ ਅਤੇ 522 ਮਲੇਸ਼ੀਆਈ ਰਿੰਗਿਟ ਚੋਰੀ ਕਰ ਲਏ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ 27 ਮਾਰਚ ਨੂੰ ਇੱਕ ਮਹਿਲਾ ਡਾਕਟਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਕਮਰੇ ਵਿੱਚੋਂ ਕੀਮਤੀ ਸਮਾਨ ਗਾਇਬ ਹੈ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ।
CCTV ਵਿੱਚ ਕੈਦ ਹੋਈ ਨਕਲੀ ਡਾਕਟਰ
ਜਾਂਚ ਦੌਰਾਨ ਪੁਲਿਸ ਨੇ 100 ਤੋਂ ਵੱਧ ਸੀਸੀਟੀਵੀ ਫੁਟੇਜ ਖੰਗਾਲੇ। ਜਿਸ 'ਚ ਦੇਖਿਆ ਗਿਆ ਕਿ ਇੱਕ ਮਹਿਲਾ ਡਾਕਟਰ ਦੇ ਕੋਟ ਵਿੱਚ, ਹੋਸਟਲ ਦੇ ਗਲਿਆਰਿਆਂ ਵਿੱਚ ਸ਼ੱਕੀ ਰੂਪ 'ਚ ਘੁੰਮ ਰਹੀ ਸੀ। ਫੁਟੇਜ ਵਿੱਚ ਉਹ ਕਈ ਕਮਰਿਆਂ ਦੇ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕਰਦੀ ਦਿਖਾਈ ਦੇ ਰਹੀ ਸੀ ਜਦੋਂ ਕਿ ਜ਼ਿਆਦਾਤਰ ਡਾਕਟਰ ਡਿਊਟੀ 'ਤੇ ਸਨ। ਇਸ ਤੋਂ ਬਾਅਦ ਉਹ ਸਕੂਟਰੀ 'ਤੇ ਸਵਾਰ ਹੋ ਕੇ ਹੋਸਟਲ ਤੋਂ ਬਾਹਰ ਚਲੀ ਗਈ। ਪੁਲਿਸ ਨੇ ਵਹੀਕਲ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ 'ਤੇ ਔਰਤ ਦਾ ਪਤਾ ਲਗਾਇਆ ਅਤੇ ਉਸਨੂੰ ਗਾਜ਼ੀਆਬਾਦ ਦੇ ਬ੍ਰਿਜ ਵਿਹਾਰ ਸਥਿਤ ਉਸਦੇ ਪਤੇ ਤੋਂ ਗ੍ਰਿਫ਼ਤਾਰ ਕਰ ਲਿਆ। ਔਰਤ ਦੀ ਉਮਰ 43 ਸਾਲ ਦੱਸੀ ਜਾ ਰਹੀ ਹੈ।
ਗਹਿਣਿਆਂ ਦੀ ਦੀਵਾਨੀ ਨਿਕਲੀ ਆਰੋਪੀ
ਪੁਲਿਸ ਪੁੱਛਗਿੱਛ ਦੌਰਾਨ ਮਹਿਲਾ ਨੇ ਕਬੂਲ ਕੀਤਾ ਕਿ ਉਸਨੂੰ ਗਹਿਣਿਆਂ ਦਾ ਬਹੁਤ ਸ਼ੌਕ ਸੀ ਪਰ ਉਸ ਕੋਲ ਇਸਨੂੰ ਖਰੀਦਣ ਲਈ ਪੈਸੇ ਨਹੀਂ ਸਨ। ਇਸੇ ਲਈ ਉਸਨੇ ਚੋਰੀ ਦਾ ਰਸਤਾ ਚੁਣਿਆ। ਉਸਨੇ ਦੱਸਿਆ ਕਿ ਉਹ ਪਹਿਲਾਂ ਇੱਕ ਨਿੱਜੀ ਹਸਪਤਾਲ ਵਿੱਚ ਲੈਬ ਅਸਿਸਟੈਂਟ ਵਜੋਂ ਕੰਮ ਕਰਦੀ ਸੀ ਅਤੇ ਕਈ ਵਾਰ ਏਮਜ਼ ਆਈ ਸੀ। ਉੱਥੇ ਪਹੁੰਚਣ ਤੋਂ ਬਾਅਦ ਉਸਨੇ ਦੇਖਿਆ ਕਿ ਬਹੁਤ ਸਾਰੀਆਂ ਲੇਡੀ ਡਾਕਟਰਾਂ ਨੇ ਆਪਣੇ ਕਮਰਿਆਂ ਨੂੰ ਤਾਲਾ ਨਹੀਂ ਲਗਾਇਆ ਅਤੇ ਇੱਥੋਂ ਹੀ ਉਸਦੇ ਮਨ ਵਿੱਚ ਚੋਰੀ ਦਾ ਖਿਆਲ ਆਇਆ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਔਰਤ ਨੇ ਪਹਿਲਾਂ ਵੀ ਕਈ ਵਾਰ ਅਜਿਹੀਆਂ ਚੋਰੀਆਂ ਕੀਤੀਆਂ ਹਨ।
- PTC NEWS