ਸਾਬਕਾ ਕਾਂਗਰਸੀ ਵਿਧਾਇਕ ਵਿਵਾਦਾਂ 'ਚ ਘਿਰਿਆ, ਵਿਜੀਲੈਂਸ ਵੱਲੋਂ ਜਾਂਚ ਆਰੰਭ
ਪਟਿਆਲਾ : ਰਾਜਪੁਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਮੁੜ ਵਿਵਾਦਾਂ ਵਿਚ ਘਿਰਦੇ ਨਜ਼ਰ ਆ ਰਹੇ ਹਨ। ਹੁਣ ਵਿਜੀਲੈਂਸ ਵੱਲੋਂ ਉਨ੍ਹਾਂ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਹਰਦਿਆਲ ਸਿੰਘ ਕੰਬੋਜ ਨੂੰ ਵਿਜੀਲੈਂਸ ਦਫ਼ਤਰ ਵਿਖੇ ਸੱਦਿਆ ਗਿਆ ਸੀ ਪਰ ਬੀਤੇ ਦਿਨੀਂ ਰਾਜਪੁਰਾ ਦੇ ਇਕ ਪੱਤਰਕਾਰ ਵੱਲੋਂ ਆਤਮਹੱਤਿਆ ਕੀਤੇ ਜਾਣ ਮਗਰੋਂ ਕੰਬੋਜ ਅਤੇ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਐੱਫਆਈਆਰ ਵਿੱਚ ਹੀ ਉਲਝ ਗਏ।
ਵਿਜੀਲੈਂਸ ਸੂਤਰਾਂ ਮੁਤਾਬਕ ਵਿਜੀਲੈਂਸ ਵੱਲੋਂ ਹਰਦਿਆਲ ਸਿੰਘ ਕੰਬੋਜ ਦੀ ਸ਼ੁਰੂਆਤੀ ਜਾਂਚ ਵਿਚ ਇਹ ਪਤਾ ਲੱਗਾ ਹੈ ਕਿ ਉਨ੍ਹਾਂ ਵੱਲੋਂ ਆਮਦਨ ਨਾਲੋਂ ਵੱਧ ਜਾਇਦਾਦ ਬਣਾਈ ਗਈ ਹੈ ਜਿਸ ਲਈ ਉਨ੍ਹਾਂ ਨੂੰ ਵਿਜੀਲੈਂਸ ਦਫਤਰ ਵਿੱਚ ਤਲਬ ਕੀਤਾ ਗਿਆ ਸੀ। ਇਸੇ ਦੌਰਾਨ ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੈਪਟਨ ਦੀ ਕਾਂਗਰਸ ਸਰਕਾਰ ਵੇਲੇ ਰਾਜਪੁਰਾ ਵਿਖੇ ਨਕਲੀ ਸ਼ਰਾਬ ਫੈਕਟਰੀ ਫੜੇ ਜਾਣ ਸਬੰਧੀ ਵੀ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Himachal Election 2022 Live : 68 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸ਼ੁਰੂ, ਵੋਟਰਾਂ 'ਚ ਭਾਰੀ ਉਤਸ਼ਾਹ
ਜਾਣਕਾਰੀ ਅਨੁਸਾਰ ਰਾਜਪੁਰਾ ਤੋਂ ਭਾਜਪਾ ਆਗੂ ਜਗਦੀਸ਼ ਜੱਗਾ ਦੀ ਸ਼ਿਕਾਇਤ ਉਤੇ ਵਿਜੀਲੈਂਸ ਜਾਂਚ ਕਰ ਰਹੀ ਹੈ। ਜਗਦੀਸ਼ ਜੱਗਾ ਨੂੰ ਵੀ ਵਿਜੀਲੈਂਸ ਨੇ ਬਿਆਨ ਦਰਜ ਕਰਨ ਲਈ ਬੁਲਾਇਆ ਹੈ। ਜਗਦੀਸ਼ ਜੱਗਾ ਸੋਮਵਾਰ ਤੱਕ ਵਿਜੀਲੈਂਸ ਅੱਗੇ ਪੇਸ਼ ਹੋ ਕੇ ਬਿਆਨ ਦਰਜ ਕਰਵਾ ਸਕਦੇ ਹਨ।
ਰਿਪੋਰਟ-ਗਗਨਦੀਪ ਆਹੂਜਾ
- PTC NEWS